Punjab

ਪੰਜਾਬ ਸਰਕਾਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ 1000 ਰੁਪਏ ਦਾ ਵਿਸ਼ੇਸ਼ ਮਾਹਵਾਰੀ ਭੱਤਾ ਦੇਣ ਦਾ ਕੀਤਾ ਫੈਸਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਜਿਹੇ ਨੌਜਵਾਨਾਂ, ਜਿਹੜੇ ਹੁਨਰ ਵਿਕਾਸ ਸਿਖਲਾਈ ਲੈਣਗੇ, ਉਨ੍ਹਾਂ ਨੂੰ 1000 ਰੁਪਏ ਦਾ ਵਿਸ਼ੇਸ਼ ਮਾਹਵਾਰੀ ਭੱਤਾ ਦੇਣ ਦਾ ਫੈਸਲਾ ਲਿਆ ਹੈ। ਇਨ੍ਹਾਂ ਲਈ ‘ਮੇਰਾ ਕਾਮ, ਮੇਰਾ ਮਾਣ’ ਨਾਂ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਹੁਨਰ ਵਿਕਸਤ ਕਰਨ ਲਈ ਸਿੱਖਿਅਤ ਕੀਤਾ ਜਾਵੇਗਾ ਅਤੇ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਨਅਤੀ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼), ਪੋਲੀਟੈਕਨਿਕ ਕਾਲਜਾਂ ਅਤੇ ਪੰਜਾਬ ਹੁਨਰ ਵਿਕਾਸ ਸਿਖਲਾਈ ਕੇਂਦਰਾਂ ‘ਚ ਮੁਫਤ ਸਿਖਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਸਿਖਲਾਈ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਨਵੀਂ ਸਕੀਮ ਦਾ ਖਰੜਾ ਤਿਆਰ ਕਰੇ ਅਤੇ ਸਾਰੇ ਵਿਭਾਗਾਂ ਤੋਂ ਫੀਡਬੈਕ ਲੈਣ ਲਈ ਉਨ੍ਹਾਂ ਨੂੰ ਖਰੜਾ ਭੇਜਿਆ ਜਾਵੇ। ਨਵੀਂ ਸਕੀਮ ਤਹਿਤ ਮਹੀਨਾਵਾਰ ਭੱਤਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਸਿਖਲਾਈ ਅਦਾਰਿਆਂ ‘ਚ ਹਾਜ਼ਰੀ 80 ਫੀਸਦੀ ਹੋਵੇਗੀ ਅਤੇ ਜਿਹੜੇ ਆਪਣੇ ਇਮਤਿਹਾਨਾਂ ਨੂੰ ਨਾਲੋਂ-ਨਾਲ ਪਾਸ ਕਰਨਗੇ। ਜਿਹੜੇ ਨੌਜਵਾਨ ਇਮਤਿਹਾਨਾਂ ‘ਚ ਸਫਲ ਨਹੀਂ ਹੋਣਗੇ, ਉਨ੍ਹਾਂ ਨੂੰ ਭੱਤਾ ਨਹੀਂ ਦਿੱਤਾ ਜਾਵੇਗਾ। ਸਰਕਾਰ ਨੇ ਹੁਕਮ ਦਿੱਤੇ ਹਨ ਕਿ ਲਾਭ ਲੈਣ ਵਾਲਿਆਂ ਦੇ ਬੈਂਕ ਖਾਤਿਆਂ ‘ਚ ਸਿੱਧਿਆਂ ਹੀ ਰਕਮ ਜਮ੍ਹਾ ਕਰਵਾ ਦਿੱਤੀ ਜਾਵੇਗੀ। ਸਕੀਮ ਦਾ ਲਾਹਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਸਕੀਮ ਦਾ ਫਾਇਦਾ ਪਰਿਵਾਰ ਦਾ ਸਿਰਫ ਇਕ ਹੀ ਮੈਂਬਰ ਲੈ ਸਕੇਗਾ। ਕੈਪਟਨ ਸਰਕਾਰ ਨੇ ਸਾਰੇ ਜ਼ਿਲਾ ਰੋਜ਼ਗਾਰ ਅਤੇ ਅਦਾਰਿਆਂ ਨੂੰ ਸਬੰਧਿਤ ਬੇਰੋਜ਼ਗਾਰ ਨੌਜਵਾਨਾਂ ਦੇ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸਿਖਲਾਈ ਦਾ ਕੰਮ ਸਫਲਤਾ ਸਹਿਤ ਮੁਕੰਮਲ ਕਰਨ ਤੋਂ ਬਾਅਦ ਲਾਭ ਲੈਣ ਵਾਲਿਆਂ ਨੂੰ ਰੋਜ਼ਗਾਰ ਉਪਲੱਬਧ ਹੋਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਨੇ 2017 ਦੇ ਚੋਣ ਐਲਾਨਨਾਮੇ ‘ਚ ਬੇਰੋਜ਼ਗਾਰਾਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਵਾਅਦਾ ਕੀਤਾ ਸੀ।

Leave a Reply

Your email address will not be published. Required fields are marked *

Back to top button