40 ਮੁਕਤਿਆਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਲਾਈਟ ਐਂਡ ਸਾਊਂਡ ਪ੍ਰੋਗਰਾਮ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐੱਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਗੌਰਵਸ਼ਾਲੀ ਅਤੇ ਮਹਾਨ ਵਿਰਸੇ ਤੋਂ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਮਾਘੀ ਮੌਕੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ 40 ਮੁਕਤਿਆਂ ਦੀ ਯਾਦ ਵਿੱਚ ਪੰਜਾਬ ਸਰਕਾਰ ਦੇ ਇਸ ਆਯੋਜਨ ਵਿੱਚ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ 14 ਅਤੇ 15 ਜਨਵਰੀ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਰਬੰਸਦਾਨੀ ਦੀ ਪੇਸ਼ਕਾਰੀ ਤੋਂ ਇਲਾਵਾ ਹੋਰ ਧਾਰਮਿਕ ਪ੍ਰੋਗਰਾਮ ਹੋਣਗੇ। ਇਸ ਤੋਂ ਬਿਨ੍ਹਾਂ 4 ਦਰਜਨ ਤੋਂ ਜਿਆਦਾ ਸਵੈ-ਸਹਾਇਤਾ ਸਮੂਹ 13 ਤੋਂ 15 ਜਨਵਰੀ ਤੱਕ ਇੱਥੇ ਆਪਣੇ ਸਟਾਲ ਲਗਾਉਣਗੇ।
ਇਸ ਸੰਬੰਧੀ ਸ਼੍ਰੀ ਮੁਕਤਸਰ ਸਾਹਿਬ ਦੇ ਐੱਸ.ਡੀ.ਐੱਮ ਸ਼੍ਰੀ ਕੰਵਰਜੀਤ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਨਾਲ ਇਸ ਆਯੋਜਨ ਦੀਆਂ ਤਿਆਰੀਆਂ ਲਈ ਬੈਠਕ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਆਯੋਜਨ ਵਿੱਚ ਪੁਸਤਕ ਅਤੇ ਸਟਾਲਾਂ ਵਿਸ਼ੇਸ਼ ਤੌਰ ਤੇ ਲਗਾਈਆਂ ਜਾਣਗੀਆਂ ਤਾਂ ਜੋ ਸਾਡੇ ਨੌਜਵਾਨਾਂ ਨੂੰ ਗਿਆਨ ਦੇ ਸੋਮੇ ਨਾਲ ਜੋੜਿਆ ਜਾ ਸਕੇ। ਇਸ ਤੋਂ ਬਿਨ੍ਹਾਂ ਦਸਤਾਰਬੰਦੀ ਮੁਕਾਬਲੇ, ਕਵੀਸ਼ਰੀ ਅਤੇ ਵਾਰ ਗਾਇਨ ਵੀ ਵਿਸੇਸ਼ ਖਿੱਚ ਦਾ ਕੇਂਦਰ ਹੋਵੇਗਾ। ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਵੀ ਵੱਖ-ਵੱਖ ਟੀਮਾਂ ਵੱਲੋਂ ਵਿਖਾਏ ਜਾਣਗੇ। ਬੈਠਕ ਵਿੱਚ ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ਼੍ਰੀ ਜਗਮੋਹਨ ਸਿੰਘ ਮਾਨ, ਜਿ਼ਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਛਾਬੜਾ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕਪਿਲ ਸ਼ਰਮਾ, ਜਿਲ੍ਹਾ ਭਾਸ਼ਾ ਅਫ਼ਸਰ ਡਾ. ਜਗਰੀਤ ਕੌਰ ਵੀ ਹਾਜ਼ਿਰ ਸਨ। Author: Malout Live