ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਐੱਸ.ਡੀ.ਐੱਮ ਮਲੋਟ ਨੂੰ ਸੌਂਪਿਆ ਮੰਗ ਪੱਤਰ

ਮਲੋਟ:- ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਤੁਰੰਤ ਹੱਲ ਕਰਨ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਪੰਜਾਬ ਦੀਆਂ 22 ਕਿਸਾਨ ਜੱਥੇਬੰਦੀਆਂ ਵੱਲੋਂ ਐੱਸ.ਡੀ.ਐੱਮ ਮਲੋਟ ਨੂੰ ਮੰਗ ਪੱਤਰ ਦਿੱਤਾ ਗਿਆ। ਅਨਾਜ ਮੰਡੀ 'ਚ ਇਕੱਤਰ ਹੋਏ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਨਾਲ ਸੰਬੰਧਿਤ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ, ਕਿਸਾਨਾਂ ਦੀਆਂ ਜਿਣਸਾਂ ਨੂੰ ਐੱਮ.ਐੱਸ.ਪੀ ਅਨੁਸਾਰ ਖ਼ਰੀਦ ਕਰਵਾਉਣ ਅਤੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਕਿਸਾਨ ਆਗੂ ਜੁਗਰਾਜ ਸਿੰਘ ਰੰਧਾਵਾ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਡਕੌਂਦਾ, ਗੁਰਦੀਪ ਸਿੰਘ ਖੁੱਡੀਆਂ ਅਤੇ ਨਿੱਕਾ ਸਿੰਘ ਆਲਮਵਾਲਾ ਵੱਲੋਂ ਸਾਂਝੇ ਤੌਰ 'ਤੇ ਐੱਸ.ਡੀ.ਐੱਮ ਮਲੋਟ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖ਼ਰੀਦ ਕਰਨ ਦੇ ਐਲਾਨ ਨੂੰ ਮੰਡੀਆਂ ਵਿੱਚ ਕੇਂਦਰ ਵੱਲੋਂ ਨਿਰਧਾਰਿਤ ਅਨੁਸਾਰ ਖ਼ਰੀਦ ਕਰਕੇ ਅਮਲੀਜਾਮਾ ਪਹਿਨਾਇਆ ਜਾਵੇ। ਮੂੰਗੀ ਦੀ ਖ਼ਰੀਦ ਸੰਬੰਧੀ ਫ਼ਰਦ, ਏਕੜ ਪ੍ਰਤੀ 5 ਕੁਇੰਟਲ ਕੋਟਾ ਫਿਕਸ ਕਰਨ ਸਮੇਤ ਲਾਈਆਂ ਬੇਲੋੜੀਆਂ ਸ਼ਰਤਾਂ ਫੌਰੀ ਹਟਾ ਕੇ ਦਾਣਾ-ਦਾਣਾ ਖ਼ਰੀਦਿਆ ਜਾਣਾ ਯਕੀਨੀ ਬਣਾਇਆ ਜਾਵੇ, ਮੱਕੀ ਕਾਸ਼ਤਕਾਰਾਂ ਦੀ ਫ਼ਸਲ ਨੂੰ ਐੱਮ.ਐੱਸ.ਪੀ 'ਤੇ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ, ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਸੂਬੇ, ਕੱਸੀਆਂ ਅਤੇ ਰਜਬਾਹਿਆਂ ਨੂੰ ਸੁਚਾਰੂ ਢੰਗ ਨਾਲ ਪਾਣੀ ਛੱਡ ਕੇ ਚਲਾਇਆ ਜਾਵੇ, ਹਰ ਇਲਾਕੇ ਨੂੰ ਟੁੱਟਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਦੀ ਸਖਤੀ ਨਾਲ ਪਾਲਣਾ ਬਣਾਈ ਜਾਵੇ, ਖੇਤੀ ਲਈ ਬਿਜਲੀ ਦੀ ਸਪਲਾਈ 8 ਘੰਟੇ ਨਿਰਵਿਘਨ ਦਿੱਤੀ ਜਾਵੇ। ਉਹਨਾਂ ਕਿਹਾ ਕਿ ਉਮੀਦ ਹੈ ਪੰਜਾਬ ਸਰਕਾਰ ਤੁਰੰਤ ਧਿਆਨ ਦੇ ਕੇ ਉਪਰੋਕਤ ਮੰਗਾਂ ਨੂੰ ਹੱਲ ਕਰੇਗੀ। ਇਸ ਮੌਕੇ ਕਿਸਾਨਾਂ ਨੇ ਪੰਨੀਵਾਲਾ ਅਨਾਜ ਮੰਡੀ ਵਿੱਚ ਕੀਤੀ ਗਈ ਚਾਰਦੀਵਾਰੀ ਵਿੱਚ ਅਣਗਿਣਤ ਅਤੇ ਅਣ-ਅਧਿਕਾਰਿਤ ਗੇਟਾਂ ਕਾਰਨ ਜਿੱਥੇ ਅਵਾਰਾ ਪਸ਼ੂ ਮੰਡੀ ਵਿੱਚ ਕਿਸਾਨਾਂ ਦੀ ਫ਼ਸਲ ਖ਼ਰਾਬ ਕਰਦੇ ਹਨ, ਉੱਥੇ ਹੀ ਸਮਾਜ ਵਿਰੋਧੀ ਅਨਸਰ ਇਹਨਾਂ ਰਸਤਿਆਂ ਦੀ ਵਰਤੋਂ ਕਰ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ, ਨੂੰ ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਰਸਤਿਆਂ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਜਸਮੇਲ ਸਿੰਘ ਬਲਾਕ ਪ੍ਰਧਾਨ ਲੰਬੀ, ਤਜਿੰਦਰ ਸਿੰਘ ਮਿੱਡਾ ਆਦਿ ਮੌਜੂਦ ਸਨ। Author : Malout Live