Mini Stories

ਉੱਡਦੇ ਪਰਿੰਦੇ

ਮੈਲਬੋਰਨ ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ ਸਵੇਰ। ਪਤਾ ਨਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ। ਆਪਣੇ ਹੀ ਦੇਸ਼ ਦੇ। ਵਤਨੋ ਦੂਰ ਮੇਰੇ ਵਾਂਗ ਪ੍ਰਵਾਸੀ। ਜੌਬ ਤੇ ਜਾਣ ਲਈ ਤਿਆਰ ਹੁੰਦੇ-ਹੁੰਦੇ ਮੀਂਹ ਵੀ ਲੈ ਪਿਆ। ਕਾਲੀ ਬੱਦਲੀ ਨੇ ਦਿਨ ਚੱੜਦੇ ਹੀ ਫਿਰ ਤੋਂ ਹਨੇਰਾ ਕਰ ਦਿੱਤਾ ਸੀ। ਅਜਿਹਾ ਤੇਜ ਮੀਂਹ ਮੈਂ ਆਸਟ੍ਰੇਲੀਆ ‘ਚ ਪਹਿਲਾਂ ਕਦੇ ਨਹੀਂ ਸੀ ਵੇਖਿਆ। ਨੀਦ ਪੂਰੀ ਨਾ ਹੋਣ ਕਾਰਨ ਮੇਰਾ ਸਿਰ ਪਹਿਲਾਂ ਤੋਂ ਹੀ ਦਰਦ ਕਰ ਰਿਹਾ ਸੀ ‘ਤੇ ਉੱਤੋਂ ਠੰਡ ਵੱਧਦੀ ਹੀ ਜਾ ਰਹੀ ਏ।ਅੱਜ ਈਸਟਰ ਹੈ। ਗੋਰਿਆ ਦਾ ਤਿਉਹਾਰ ਜਿਸਨੂੰ ਉਹ ਦਿਲੋ ਮਨਾਉਦੇ ਨੇ। ਅਸਲ ਵਿੱਚ ਇਹ ਦਿਲਾਂ ਦਾ ਤਿਉਹਾਰ ਹੀ ਹੈ। ਰਿਸ਼ਤਿਆਂ ‘ਚ ਪੈਦਾ ਹੋਈ ਕੜਵਾਹਟ ਨੂੰ ਦੂਰ ਕਰਣ ‘ਤੇ ਨਵੇਂ ਰਿਸ਼ਤੇ ਬਣਾਉਣ ਦਾ ਤਿਉਹਾਰ। ਇੱਕ ਦੂਜੇ ਨੂੰ ਤੋਹਫ਼ੇ ਦੇਕੇ ਦਿਲਾ ਦੀ ਸਾਝ ਗੂੜੀ ਕਰਣ ਦਾ ਤਿਉਹਾਰ। ਖੱਟੇ-ਮਿੱਠੇ ਲਾਲ ਰੰਗ ਦੇ ਅੰਡੇ ਵੰਡਣ ਦਾ ਤਿਉਹਾਰ। ਲਾਲ ਰੰਗ ਯਿਸੂ ਮਸੀਹ ਦੇ ਪਵਿੱਤਰ ਲਹੂ ਦਾ ਪ੍ਰਤੀਕ ਮੰਨਿਆਂ ਜਾਦਾ ਹੈ ਜੋ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹੋਏ ਇਨਸਾਨੀਅਤ ਦੇ ਦੁਸ਼ਮਣਾਂ ਦੇ ਹੱਥੀ ਦੁੱਖ ਭਰੀ ਮੌਤ ਮਰੇ ਸਨ। ਜਨਤਕ ਛੁੱਟੀ ਹੋਣ ਕਾਰਨ ਅੱਜ ਕੰਮ ਦੀ ਕੀਮਤ ਵੀ ਦੁਗਣੀ ਸੀ ‘ਤੇ ਸ਼ਿਫਟ ਵੀ ਡੱਬਲ। ਮੈਨੂੰ ਵਿਸ਼ਵਾਸ ਹੈ ਕਿ ਅੱਜ ਪੀਜਾ ਡਲੀਵਰ ਕਰਦੇ-ਕਰਦੇ ਉੱਤੋ ਵੀ ਕੁਝ ਬਣ ਜੂ। ਲੱਕ ਬਾਈ ਚਾਨਸ… ਸ਼ਾਇਦ ਅੱਜ ਕੋਈ ਲਾਟਰੀ ਹੀ ਨਿਕਲ ਆਵੇ। ਮੈਂ ਆਪਣੀ ਬੀ ਐਮ ਡਵਲਜੂ ਤੇ ਕੰਮ ਲਈ ਘਰੋ ਤੁਰ ਪਿਆ। ਦੁਕਾਨ ਤੋਂ ਮੰਗ ਕਰਨ ਵਾਲੇ ਘਰ ਦਾ ਪਤਾ ਲਿਖਿਆ ‘ਤੇ ਇੱਕ-ਇੱਕ ਕਰਕੇ ਡਲੀਵਰੀ ਕਰਨੀ ਸ਼ੁਰੂ ਕਰ ਦਿੱਤੀ। ਸਵੇਰ ਤੋਂ ਸ਼ਾਮ ਨੌਨ-ਸਟੌਪ ਕੰਮ ਹੀ ਕੰਮ। ਕਾਰ ਚਲਾ-ਚਲਾ ਮੈਂ ਹੰਬ ਗਿਆ ਸਾਂ। ਪਰ ਉਤੋ ਬਣਦੇ ਡੌਲਰਾਂ ਨੇ ਮੇਰਾ ਹੌਸਲਾ ਟੁੱਟਣ ਨਾ ਦਿੱਤਾ। ਪਤਾ ਨਹੀ ਕਿਉ ਅੱਜ ਇਹ ਤੋਹਫ਼ੇ ਦੇਣ ਵਾਲੇ ਗੋਰੇ ਵੀ ਉੱਡ ਰਹੇ ਉਹਨਾ ਪਰਿੰਦਿਆਂ ਵਾਂਗ ਆਪਣੇ ਹੀ ਲੱਗ ਰਹੇ ਨੇ। ਕਿਸੇ ਨੇ ਪੰਜਾਹ ‘ਤੇ ਕਿਸੇ ਨੇ ਸੌ ਦਾ ਪੱਤਾ ਮੇਰੀ ਸ਼ਲਟ ਦੀ ਉਤਲੀ ਜੇਬ ‘ਚ ਪਾਇਆ। ਕਈ ਮਕਾਨ ਮਾਲਿਕਾਂ ਨੇ ਤੋਹਫ਼ੇ ਪੈਕ ਕਰਕੇ ਘਰ ਦੇ ਦਰਵਾਜੇ ਦੇ ਕੋਲ ਰੱਖੇ ਹੋਏ ਸਨ। ਠੰਡ ਵੱਧ ਰਹੀ ਸੀ। ਹਨੇਰਾ ਹੋ ਰਿਹਾ ਸੀ। ਅੰਤ ਵਾਲਾ ਘਰ ਸੀ। ਬੂਹਾ ਇੱਕ ਬਜੁੱਰਗ ਨੇ ਖੋਲਿਆ। ਪੀਜਾ ਫੜਕੇ ਉਸਨੇ ਟੇਬਲ ‘ਤੇ ਰੱਖ ਦਿੱਤਾ। ਬਿੱਲ ਦਿੱਤਾ‘ਤੇ “ਥੈਂਕਸ.. ਮਾਇਟ” ਕਹਿੰਦਿਆ ਉਸਨੇ ਬੂਹਾ ਬੰਦ ਕਰ ਲਿਆ। ਬੂਹੇ ਦੀ ਨੁਕਰ ਤੇ ਲਾਲ ਰੰਗ ਦੀ ਪੈਕਿੰਗ ‘ਚ ਪਿਆ ਤੋਹਫ਼ਾ ਜੋ ਮੇਰੇ ਲਈ ਸੀ ਮੈਂ ਚੁੱਕ ਲਿਆ। ਅੰਬਰ ਵਿੱਚ ਬਿਜਲੀ ਲਛਕ ਰਹੀ ਸੀ। ਬੱਦਲਾਂ ਦੇ ਗਰਜਣ ਨਾਲ ਟਿਮ-ਟਿਮਾਉਦੀ ਰੌਸ਼ਨੀ ਤੋਹਫ਼ੇ ਤੇ ਚੜਾਏ ਲਾਲ ਰੰਗ ਦੇ ਪੰਨੇ ਨੂੰ ਹੋਰ ਸੋਹਣਾ ਕਰ ਰਹੀ ਸੀ। ਪੈਕਿੰਗ ਵਿਚਲੇ ਤੋਹਫ਼ੇ ਨੂੰ ਦੇਖਣ ਲਈ ਮੇਰੀ ਉਤਸੁੱਕਤਾ ਵੱਧ ਰਹੀ ਸੀ। ਕਾਰ ‘ਚ ਬੈਠਦਿਆਂ ਹੀ ਮੈਂ ਪੈਕਿੰਗ ਉਤਾਰੀ। ਇੱਕ ਡੀ.ਵੀ. ਡੀ ਸੀ ਜਿਸਤੇ ਕਾਲੇ ਰੰਗ ਦੇ ਮਾਰਕਰ ਨਾਲ ਲਿਖਿਆ ਹੋਇਆ ਸੀ -“ਕੇਅਰਫੁਲ ਮੈਨ ਐਕਸੀਡੈਂਟਸ ਆਰ ਅਨਪਰਡਿਕਟੇਬਲ… ਸੇਵ ਯੂਅਰ ਲਾਈਫ” ਮੈਂ ਆਪਣੇ ਮਾਲਿਕ ਦੀ ਫਾਸਟ ਫੂਡ ਵਾਲੀ ਦੁਕਾਨ ਤੇ ਜਾਦੇ ਹੀ ਮੈਨੇਜਰ ਨੂੰ ਅੰਤ ਵਾਲੀਆ ਦੋ ਡਲੀਵਰੀਆਂ ਦੇ ਰਹਿੰਦੇ ਡੌਲਰ ਜਮਾਂ ਕਰਵਾਏ। ‘ਤੇ ਤੁਰ ਪਿਆ ਘਰ ਵੱਲ।ਸੂਰਜ ਦੀ ਟਿੱਕੀ ਲੁੱਕਦੇ-ਲੁੱਕਦੇ ਮੈਂ ਘਰ ਪਹੁੰਚ ਗਿਆ।ਮੇਰੀ ਵਹੁੱਟੀ ਚਾਹ ਬਣਾ ਲਿਆਈ। ਚਾਹ ਦੀਆਂ ਚੁਸਕੀਆਂ ਭਰਦੇ-ਭਰਦੇ ਮੈਂ ਉਸਨੂੰ ਸਾਰੇ ਦਿਨ ਦੀ ਹੱਡਬੀਤੀ ਪੰਜ ਮਿੰਟਾਂ ‘ਚ ਹੀ ਸੁਣਾ ਦਿੱਤੀ। ਜਦ ਮੈਂ ਉਸ ਡੀ.ਵੀ.ਡੀ ਬਾਰੇ ਦੱਸਿਆ ਤਾਂ ਉਹ ਇੱਕਦਮ ਪ੍ਰੇਸ਼ਾਨ ਹੋ ਗਈ। ਮੇਰੇ ਤੋਂ ਡੀ.ਵੀ.ਡੀ ਲੈਕੇ ਉਸਨੇ ਲੈਪਟੌਪ ‘ਚ ਪਾਕੇ ਪਲੇਅ ਕੀਤੀ। ਇਸ ਡੀ.ਵੀ.ਡੀ ਵਿੱਚ ਦੁਨੀਆਂ ਤਬਾਹ ਹੋਣ ਦੀ ਚਿਤਾਵਨੀ ਦਿੰਦੇ ਭਿਅੰਕਰ ਦ੍ਰਿਸ਼ ਸਨ। ਅੱਗ ਤੇ ਪਾਣੀ ਦਾ ਕਹਿਰ, ਸੋਕਾ ‘ਤੇ ਹੇਠਾ ਧੱਸਦੀ ਜਮੀਨ, ਜਵਾਲਾਮੁੱਖੀ ਫੱਟਣ ਤੋਂ ਬਾਦ ਲਾਵੇ ਦੇ ਕਹਿਰ ‘ਚ ਸੱੜਦੇ ਮੱਚਦੇ ਲੋਕ ਦਿਖਾਏ ਗਏ ਸਨ ‘ਤੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਮਰਣ ਤੋਂ ਬਾਅਦ ਬਚੇ ਦੋ-ਚਾਰ ਲੋਕਾਂ ਨੂੰ ਆਪਣੇ ਪਰਮੇਸ਼ੁਰ ਦਾ ਸ਼ੁੱਕਰਾਨਾ ਕਰਦੇ ਦਿਖਾਇਆ ਗਿਆ ਸੀ। ਉਹਨਾਂ ਦੇ ਬਚਣ ਦਾ ਕਾਰਣ ਯਿਸੂ ਮਸੀਹ ਨੂੰ ਆਪਣਾ ਪਰਮੇਸ਼ੁਰ ਧਾਰ ਕੇ ਬਾਈਬਲ ਨੂੰ ਪਵਿੱਤਰ ਗ੍ਰਥ ਮੰਨ ਕੇ ਯਿਸੂ ਮਸੀਹ ਦੀ ਛੱਤਰ ਛਾਇਆ ਹੇਠ ਮਾਨਵਤਾ ਦੀ ਸੇਵਾ ਕਰਣ ਵਾਲੀਆ ਪਵਿੱਤਰ ਆਤਮਾਵਾਂ ਦੱਸਿਆ ਗਿਆ ਸੀ। ਅੱਗਲੇ ਵੀਡਿਓ ਕਲਿੱਪ ਵਿੱਚ ਦਿਖਾਇਆ ਗਿਆ ਸੀ ਦੋ ਹਜ਼ਾਰ ਬਾਰਾਂ ‘ਚ ਉਹ ਪਵਿੱਤਰ ਆਤਮਾਵਾਂ ਹੀ ਬਚਣਗੀਆਂ ਜੋ ਸੱਚੇ ਪਰਮੇਸ਼ੁਰ ਯਿਸੂ ਮਸੀਹ ਨਾਲ ਜੁੜ ਕੇ ਸੱਮੁਚੀ ਮਾਨਵਤਾ ਦਾ ਭਲਾ ਕਰਕੇ, ਦੁਆਵਾ ਲਈ ਉਠਣ ਵਾਲੇ ਵੱਧ ਤੋਂ ਵੱਧ ਹੱਥਾਂ ਤੋਂ “ਗੌਡ ਬਲੈਸ” ਦਾ ਆਸ਼ੀਰਵਾਦ ਇਕੱਠਾ ਕਰਨਗੀਆਂ। ਡੀ.ਵੀ ਡੀ ਦੇ ਅੰਤ ਵਾਲੇ ਭਾਗ ‘ਚ ਕਿਹਾ ਗਿਆ ਸੀ ਕਿ ਡਿਸਕ ਮਿਲਣ ਵਾਲਾ ਆਦਮੀ ਗੌਡ ਦਾ ਇਹ ਤੋਹਫ਼ਾ ਦਿਲੋਂ ਕਬੂਲ ਕਰਕੇ ਪਵਿੱਤਰ ਆਤਮਾ ਬਣੇ ‘ਤੇ ਆਪਣੇ ਵਰਗੇ ਹੋਰ, ਗੌਡ ਤੋਂ ਅਣਜਾਣ ਗਿਆਰਾਂ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜੇ। ਅਗਰ ਉਹ ਅਜਿਹਾ ਨਹੀ ਕਰਦਾ ਤਾਂ ਉਸਦੇ ਅੱਜ ਤੋਂ ਉਲਟੇ ਦਿਨ ਸ਼ੁਰੂ। ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀ ਕੱਦ ਕੋਈ ਦੁਰਘਟਨਾ ਹੋ ਜਾਵੇ। ਇਹ ਸਬ ਸੁਣਦੇ ਹੀ ਮੇਰੀ ਵਹੁੱਟੀ ਕੰਬ ਗਈ। ਸਹਿਮੀ ਹੋਈ ਕਹਿਣ ਲੱਗੀ -“ਉਲਟੇ ਦਿਨ ਹੈ ਨਾ ਮਜਾਕ” ‘ਮੈਂਨੂੰ ਤਾਂ ਇਹ ਯਾਦ ਨਹੀ  ਜਦ ਦੇ ਆਪਾਂ ਇਥੇ ਵਿਦਿਆਰਥੀ ਵੀਜੇ ‘ਤੇ ਆਏ ਆਂ। ਅਸੀ ਕੋਈ ਸਿੱਧੇ ਦਿਨ ਵੇਖੇ ਹੋਣ। ਹੁਣ ਤੱਕ ਸੁਖ ਵਾਲਾ ਦਿਨ ਅਸਾਂ ਨੇ ਵੇਖਿਆ ਨਹੀ। ਸਵੇਰੇ ਸ਼ਾਮ ਕੰਮ ਹੀ ਕੰਮ। ਮਸ਼ੀਨ ਬਣ ਗਏ ਇਥੇ ਆ ਕੇ। ਨੀਦ ਨੂੰ ਤਰਲੇ ਲਈਦੇ ਨੇ। ਟਰੇਨਾਂ ‘ਚ ਸਫਰ ਕਰਦੇ ਵਕਦ ਨੀਦ ਪੂਰੀ ਕਰਣ ਦੀ ਕੋਸ਼ਿਸ ਕਰਦੇ ਆਂ। ਸਖਤ ਮਿੰਹਨਤ ਨਾ ਕਰੀਏ ਤਾਂ ਖਰਚੇ ਪੂਰੇ ਨਹੀ ਹੁੰਦੇ। ਕਾਲਜ ਦੀ ਫੀਸ ‘ਤੇ ਘਰ ਦਾ ਕਿਰਾਇਆ ਹੀ ਕੰਨਾਂ ਨੂੰ ਹੱਥ ਲਵਾ ਦਿੰਦਾ ਏ। ਕਤਰਾ-ਕਤਰਾ ਜੋੜ ਕੇ ਇਥੇ ਆਉਣ ਲਈ ਚੁੱਕੇ ਵਿਆਜੁ ਕਰਜੇ ਦੀ ਰਕਮ ਹੁਣ ਸੁਖ ਨਾਲ ਲੈਣ ਤੇ ਆਈ ਏ। ਬੱਚਾ ਸਾਡੇ ਤੋਂ ਦੋ ਸਾਲ ਹੋ ਗਏ ਦੂਰ ਏ। ਬੱਚੇ ਦਾ ਮੂੰਹ ਦੇਖਣ ਨੂੰ ਤਰਸ ਗਏ ਆਂ। ਪੱਕੇ ਹੋਣ ਦਾ ਕੋਈ ਰਾਹ ਨਜ਼ਰ ਨਹੀ ਆਉਦਾ। ‘ਤੇ ਹੁਣ ਇੱਕ ਹੋਰ ਪ੍ਰੇਸ਼ਾਨੀ।-“ਕਮਲੀਏ” ‘ ਐਵੇ ਪ੍ਰੇਸ਼ਾਨ ਨਹੀ ਹੋਈ ਦਾ। ਅਕਾਲ ਪੁਰਖ ਆਪਣੇ ‘ਤੇ ਜਲਦ ਮਿਹਰ ਕਰੂ। ਹੁਣ ਅਸਾਂ ਨੇ ਇੱਥੇ ਜਲਦ ਹੀ ਪੱਕੇ ਹੋ ਜਾਣਾਂ ਏ। ਕਿਸੇ ਆਵੇ- ਤਾਵੇ ਦੇ ਮਗਰ ਲੱਗ ਕੇ ਐਵੇ ਦਿਲ ਨਹੀ ਸਾੜੀਦਾ। ਇਹ ਤਾਂ ਧਰਮ ਪ੍ਰਚਾਰ ਕਰਣ ਦਾ ਇੱਕ ਨੁਕਸਾ ਏ। ਜਦ ਘਿਉ ਸਿੱਧੀ ਉਗਲ ਨਾਲ ਨਹੀ ਨਿਕਲਦਾ ਤਾਂ ਧਰਮ ਦੇ ਠੇਕੇਦਾਰ ਅਜਿਹੇ ਨੁਕਸੇ ਆਮ ਅਪਣਾਉਦੇ ਨੇ। ਇਨ੍ਹਾਂ ਨੂੰ ਕੀ ਪਤਾ ਕੀ ਸਾਡਾ ਦੇਸ਼ ਤਾਂ ਪਹਿਲਾਂ ਹੀ ਧਰਮਾਂ ‘ਚ ਵੰਡਿਆ ਪਿਆ ਏ। ਹਰ ਜਮਾਤ ਦੇ ਆਗੂ ਆਪਣੀ ਕੌਮ ਜਾਂ ਧਰਮ ਨੂੰ ਸ਼ਰੇਸਟ ਸਾਬਤ ਕਰਨ ਲਈ ਇੱਕ-ਦੂਜੇ ‘ਤੇ ਚਿੱਕੜ ਸੁਟਣੋ ਨਹੀ ਟੱਲਦੀ। ਕਿਸੇ ਨੂੰ ਦੁਰਕਾਰਣ ਫਿਟਕਾਰਣ ਦੀ ਬਜਾਏ ਮਨੁੱਖਤਾ ਦੇ ਭਲੇ ਲਈ ਲੋੜੀਦੇ ਕਦਮ ਚੁੱਕੇ ਜਾਣ ਤਾਂ ਸਾਡਾ ਦੇਸ਼ ਸਵਰਗ ਨਾ ਬਣਜੇ। ਸੱਚ, ਈਮਾਨ, ਨਿਆਂ ‘ਤੇ ਧਰਮ ਨੂੰ ਛੱਡ ਕੇ ਇਹ ਆਗੂ ਲੋਕਾਂ ਦੀ ਸਹਾਨਬੁੱਤੀ ਹਾਸਿਲ ਕਰਣ ਦੇ ਲਈ ਕੁਝ ਵੀ ਕਰਦੇ ਨੇ। ਰਾਜਸੀ ਆਗੂ ਡੱਬਾ ਵੋਟਾਂ ਦਾ ਭਰਣ ਲਈ ‘ਤੇ ਧਰਮ ਦੇ ਆਖੌਤੀ ਆਗੂ ਆਪਣੀ ਲੀਡਰੀ ਝਾੜਕੇ ਆਪਣੀ ਵਾਹ-ਵਾਹ ਕਰਵਾਉਣ ਲਈ। ਪਤਾ ਨਹੀ ਕਿਉ ਸਾਡਾ ਵੀ ਇਹ ਸੁਭਾਵ ਬਣ ਗਿਆ ਏ ਅਸੀ ਜਲਦ ਹੀ ਇਹਨਾਂ ਭ੍ਰਿਸ਼ਟ ਆਗੂਆਂ ਦੇ ਮਗਰ ਲੱਗ ਜਾਦੇ ਆਂ। ਬੁਰਾਈ ਵੱਲ ਛੇਤੀ ਝੁਕ ਜਾਦੇ ਆਂ। ਚੰਗਿਆਈ, ਇਨਸਾਨੀਅਤ ‘ਤੇ ਸਹੀ ਧਰਮ ਦੇ ਰਸਤੇ ਚੱਲਣਾਂ ਸਾਨੂੰ ਅਲੂਣੀ ਸਿਲ ਕਿਉ ਜਾਪਦਾ ਏ। ਜਾਣ-ਬੁੱਝ ਕੇ ਕੀਤਾ ਜਾਂਦਾ ਕੋਈ ਵੀ ਚੰਗਾ ਜਾਂ ਬੁਰਾ ਕੰਮ ਕਿਸੇ ਖ਼ਿਆਲ ਨਾਲ ਸ਼ੁਰੂ ਹੁੰਦਾ ਏ। ਚੰਗੇ ਖ਼ਿਆਲ ਸੱਚੇ ਪਾਤਸ਼ਾਹ ਪਰਮੇਸ਼ੁਰ ਦੀ ਰਜਾ ‘ਚ ਰਹਿੰਣ ਵਾਲੇ ‘ਤੇ ਧਾਰਮਿਕ ਗ੍ਰੰਥਾਂ ਨੂੰ ਅਸਲ ‘ਚ ਮੰਨਣ ਵਾਲੇ ਲੋਕਾਂ ਦੇ ਦਿਲਾਂ ‘ਚ ਵਸਦੇ ਨੇ ‘ਤੇ ਬੁਰੇ ਖ਼ਿਆਲ ਇਨਸਾਨੀਅਤ ਦੇ ਦੁਸ਼ਮਣ ਲੀਡਰਾਂ ‘ਤੇ ਸਵਾਰਥੀ ਲੋਕਾਂ ਨਾਲ ਜੁੜਕੇ ਰਹਿਣ ਨਾਲ ਪੈਦਾ ਹੁੰਦੇ ਨੇ। “ਭਲਾਈ ਜਾਂ ਬੁਰਾਈ” ਫ਼ੈਸਲਾ ਇਨਸਾਨ ਦੇ ਹੱਥ ਵਿੱਚ ਹੀ ਹੁੰਦਾ ਹੈ। ਲੋੜ ਹੈ ਨਾਮੁਕੰਮਲ ਸੁਭਾਵ ਬਦਲਕੇ ਜ਼ਮੀਰ ਦੀ ਅਵਾਜ਼ ਨੂੰ ਸੁਣਨ ਦੀ। ਜਿੱਥੇ ਲਾਲਚ, ਹੰਕਾਰ, ਮੋਹ ਮਾਇਆ ਰਿਸ਼ਤਿਆਂ ਦਾ ਖੂਨ ਕਰਦੀ ਏ। ਉਥੇ ਹੀ ਪਿਆਰ, ਮੁੱਹਬਤ, ਹਮਦਰਦੀ, ਭਾਈਚਾਰਕ ਸਾਂਝ ਨਵੇਂ ਰਿਸ਼ਤਿਆਂ ਨੂੰ ਜਨਮ ਦਿੰਦੀ ਏ। ਕਿਸੇ ਦੀ ਮਦਦ ਕਰਣ ਵਿੱਚ ਜੋ ਅੰਨਦ ‘ਤੇ ਲੱਜਤ ਮਿਲਦੀ ਏ ਉਹ ਤਾਂ ਸਿਰਫ ਸੇਵਾਭਾਵ ਰੱਖਣ ਵਾਲਾ ਮਨੁੱਖ ਹੀ ਜਾਣ ਸਕਦਾ ਏ। ਵਿਦੇਸ਼ਾ ‘ਚ ਵਸਦੇ ਸਾਡੇ ਵਾਗ ਪ੍ਰਵਾਸੀ ਵੀਰ ਜਿੰਨਾ ਕੋਲ ਕੰਮ ਨਹੀ ਹੈ। ਆਪਣੀ ਜਾਣ-ਪਹਿਚਾਣ ‘ਚ ਫੋਨ ਕਰਕੇ ਉਹਨਾ ਨੂੰ ਜੌਬ ਲੱਭਣ ‘ਚ ਮਦਦ ਕਰਣਾ। ਇਸੇ ਤਰਾਂ ਜਿੰਨਾ ਕੋਲ ਸਿਰ ਢੱਕਣ ਲਈ ਛੱਤ ਨਹੀ ਉਹਨਾਂ ਨੂੰ ਘਰ ਲੱਭਣ ‘ਚ ਮਦਦ ਕਰਣਾ। ਅਜਿਹੇ ਹਜ਼ਾਰਾਂ ਕੰਮ ਨੇ ਜੋ ਅਸੀ ਬਿਨਾ ਸਮਾਂ ਗਵਾਏ ‘ਤੇ ਬਿਨਾ ਡੌਲਰ ਖਰਚ ਕੀਤੇ ਕਰ ਸਕਦੇ ਆਂ। ਬਸ ਦਿਲ ‘ਚ ਇੱਕ ਜਜ਼ਬਾ ਹੋਵੇ ਇਨਸਾਨੀਅਤ ਦਾ। ਅਸਲ ਵਿੱਚ ਇਹ ਹੀ ਸੱਚਾ ਧਰਮ ਏ। ਮੈਂ ਪਤਾ ਨਹੀ ਕਿਉ ਅੱਜ ਬੋਲਦਾ ਹੀ ਜਾ ਰਿਹਾ ਸੀ। ‘ਤੇ ਉਹ ਹੁਣ ਮੇਰੇ ਚਿਹਰੇ ਵੱਲ ਤੱਕਦੀ ਹੋਈ ਮਿੰਨਾ-ਮਿੰਨਾ ਮੁਸਕਰਾਉਦੀ ਹੋਈ ਉੱਤੋਂ ਬਣੇ ਡੌਲਰ ਗਿਣਨ ਲੱਗ ਪਈ ਸੀ। ਪੰਜਾਹ ਡੌਲਰ ਰੱਖ ਕੇ ਬਾਕੀ ਦੇ ਮੈਂਨੂੰ ਫੜਾਉਦੇ ਹੋਏ ਕਹਿੰਣ ਲੱਗੀ-“ਜੀ.. ਮੈਂ ਸਭ ਸਮਝ ਗਈ। ਸਵੇਰੇ ਤੁਸੀ ਇਹ ਡੌਲਰ ਯਾਦ ਨਾਲ ਬੈਂਕ ‘ਚ ਜਮਾਂ ਕਰਵਾ ਦੇਣਾ ‘ਤੇ ਇਹਨਾਂ ਪੰਜਾਵਾ ਵੱਲ ਨਜ਼ਰ ਨਾ ਰੱਖਣਾ। ਇਹ ਆਪਾਂ ਐਤਵਾਰ ਨੂੰ ਦਰਬਾਰ ਸਾਹਿਬ ਜਾਦੇ ਹੋਏ ਲੰਗਰ ਘਰ ਵਾਸਤੇ ਕੁਝ ਰਾਸ਼ਣ ਲੈ ਜਾਵਾਂਗੇ। ਸੇਵਾ ਤਾਂ ਆਪਣੇ ਤੋਂ ਹੁੰਦੀ ਨਹੀ। ਦਰਬਾਰ ਦਾ ਅੰਨ ਮੁਫਤ ਪਾੜ ਕੇ ਆਉਦੇ ਆਂ।ਮੇਰੀ ਪਤਨੀ ਦੇ ਚਿਹਰੇ ‘ਤੇ ਹੁਣ ਅਜੀਬ ਜਹੀ ਚਮਕ ਸੀ। ਇੰਜ ਲੱਗਦਾ ਸੀ ਜਿਵੇ ਉਹ ਇਨਸਾਨ ਹੋਣ ਦਾ ਸਹੀ ਅਰਥ ਅੱਜ ਸਮਝੀ ਹੋਵੇ। 
 ਇਸ ਕਲਪਨੀਕ ਕਹਾਣੀ ਦਾ ਕਿਸੇ ਦੇ ਨਿੱਜੀ ਜੀਵਨ ਨਾਲ ਕੋਈ ਸੰਬੰਧ ਨਹੀ।………… ਧੰਨਵਾਦ।
ਰਵੀ ਸਚਦੇਵਾ,
ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

Leave a Reply

Your email address will not be published. Required fields are marked *

Back to top button