ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸੰਬੰਧੀ ਪਿੰਡ ਪਿਉਰੀ ਬਲਾਕ ਗਿੱਦੜਬਾਹਾ ਵਿਖੇ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ
ਮਲੋਟ: ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫ਼ਸਰ ਗਿੱਦੜਬਾਹਾ ਦੀ ਪ੍ਰਧਾਨਗੀ ਹੇਠ ਪਿੰਡ ਪਿਉਰੀ ਬਲਾਕ ਗਿੱਦੜਬਾਹਾ ਵਿਖੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਬਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜ਼ੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਖੇਤੀਬਾੜੀ ਮਸ਼ੀਨਾਂ ਦੀ ਪਰਾਲੀ ਪ੍ਰਬੰਧਨ ਲਈ ਸੁਚੱਜੀ ਵਰਤੋਂ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਸੰਬੰਧੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਖੇਤੀ ਸਾਉਣੀ ਦੀਆਂ ਫਸਲਾਂ ਦੀ ਸੁਚੱਜੀ ਪੌਦ-ਸੁਰੱਖਿਆ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਵੀਰ (ਆਈ ਖੇਤ) ਐਪ ਆਪਣੇ ਮੋਬਾਇਲ ਵਿੱਚ ਡਾਊਨਲੋਡ ਕਰਕੇ ਆਪਣੇ ਆਸ-ਪਾਸ ਕੰਮ ਕਰਦੀ ਕਿਰਾਏ ਦੀ ਖੇਤੀ ਮਸ਼ੀਨਰੀ ਬਾਬਤ ਜਾਣਕਾਰੀ ਲੈ ਕੇ ਵੱਧ ਤੋਂ ਵੱਧ ਉਸ ਦੀ ਖੇਤਾਂ ਵਿੱਚ ਵਰਤੋਂ ਕੀਤੀ ਜਾਵੇ। ਕੈਂਪ ਦੀ ਪ੍ਰਧਾਨਗੀ ਕਰਦਿਆਂ ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫ਼ਸਰ ਨੇ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ। ਇਸ ਦੀ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭਿਆ ਜਾਵੇ, ਭਾਂਵੇ ਇਸ ਨੂੰ ਖੇਤ ਵਿੱਚ ਦਬਾਇਆ ਜਾਵੇ ਜਾਂ ਗੱਠਾ ਬਣਾ ਕੇ ਬਾਹਰ ਕੱਢਿਆ ਜਾਵੇ ਪਰੰਤੂ ਕਿਸੇ ਵੀ ਹਾਲਤ ਵਿੱਚ ਖੇਤਾਂ ਵਿੱਚ ਅੱਗ ਬਿਲਕੁਲ ਨਾ ਲਗਾਈ ਜਾਵੇ। ਇਸ ਮੌਕੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੇ ਵੀ ਆਪਣੇ ਵਿਚਾਰ ਸਾਰੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਨੇ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। Author: Malout Live