ਪੰਜਾਬ ‘ਚ 8,393 ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀ ਭਰਤੀ ਰੱਦ! ਹਾਈਕੋਰਟ ਨੇ ਦਿੱਤਾ ਇਹ ਹੁਕਮ
ਮਲੋਟ:- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀਆਂ 8393 ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਸੰਬੰਧੀ 14 ਨਵੰਬਰ ਨੂੰ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਅਸਾਮੀਆਂ ਲਈ ਨਵੇਂ ਸਿਰੇ ਤੋਂ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਭਰਤੀ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾ ਸਕੇ। ਅਦਾਲਤ ਨੇ ਇਨ੍ਹਾਂ ਪ੍ਰੀ-ਪ੍ਰਾਇਮਰੀ ਅਸਾਮੀਆਂ ਲਈ ਵਲੰਟੀਅਰਾਂ ਲਈ 50 ਫੀਸਦੀ ਕੋਟਾ ਵੀ ਨਿਰਧਾਰਿਤ ਕੀਤਾ ਹੈ। ਪਹਿਲਾਂ ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਤਿੰਨ ਸਾਲ ਦਾ ਤਜ਼ਰਬਾ ਜ਼ਰੂਰੀ ਸੀ। ਪਰ ਅਦਾਲਤ ਨੇ ਇਸ ਵਿੱਚ ਸੋਧ ਕਰ ਦਿੱਤੀ ਹੈ। ਇਹ ਸ਼ਰਤ ਹੁਣ ਕੁੱਲ 8393 ਅਸਾਮੀਆਂ ਵਿੱਚੋਂ ਸਿਰਫ਼ ਅੱਧੀਆਂ ‘ਤੇ ਹੀ ਲਾਗੂ ਹੋਵੇਗੀ। ਬਾਕੀ ਦੀਆਂ ਅੱਧੀਆਂ ਅਸਾਮੀਆਂ ਨੂੰ ਹੋਰ ਸ਼੍ਰੇਣੀਆਂ ਲਈ ਖੋਲ੍ਹਣ ਲਈ ਕਿਹਾ ਗਿਆ ਹੈ। ਭਰਤੀ ਪ੍ਰਕਿਰਿਆ ਵਿਰੁੱਧ ਹਾਈ ਕੋਰਟ ਵਿੱਚ ਕੁੱਲ 15 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।