ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਐੱਨ.ਡੀ.ਐੱਮ ਏ ਵੱਲੋਂ ਜਾਰੀ ਹਦਾਇਤਾਂ ‘ਤੇ ਅਮਲ ਕਰਨ ਦੀ ਕੀਤੀ ਅਪੀਲ
ਸ਼੍ਰੀ ਮੁਕਤਸਰ ਸਾਹਿਬ/ਮਲੋਟ:- ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ) ਵੱਲੋਂ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜੋ ਅਡਵਾਈਜਰੀ (ਗਾਈਡਲਾਈਨ) ਜਾਰੀ ਕੀਤੀ ਗਈ ਹੈ, ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇ। ਅਡਵਾਈਜਰੀ ਦੀ ਕਾਪੀ ਜ਼ਿਲ੍ਹੇ ਦੇ ਸਾਰੇ ਐੱਸ.ਡੀ.ਐੱਮਜ ਨੂੰ ਭੇਜਦਿਆਂ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ ਕਿ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਜ਼ਿਆਦਾਤਰ ਬਾਅਦ ਦੁਪਿਹਰ ਜਾਂ ਦੇਰ ਸ਼ਾਮ ਨੂੰ ਹੀ ਵਾਪਰਦੀਆਂ ਹਨ। ਇਸ ਦੇ ਮੱਦੇਨਜਰ ਜਿਨ੍ਹਾਂ ਥਾਵਾਂ ‘ਤੇ ਬਿਜਲੀ ਡਿੱਗਣ ਦਾ ਅੰਦੇਸ਼ਾ ਹੋਵੇ, ਉਹਨਾਂ ਥਾਵਾਂ ਦੀ ਸ਼ਨਾਖਤ ਕਰ ਲਈ ਜਾਵੇ।
ਬਿਜਲੀ ਡਿੱਗਣ ਤੋਂ ਬਚਾਓ ਵਾਲੇ ਯੰਤਰ ਅਤੇ ਤਕਨੀਕਾਂ ਜਿਵੇਂ ਕਿ ਲਾਈਟਨਿੰਗ ਕੰਡਕਟਰ ਇਨ੍ਹਾਂ ਥਾਵਾਂ ‘ਤੇ ਲਗਾਏ ਜਾਣੇ ਚਾਹੀਦੇ ਹਨ, ਸਕੂਲਾਂ ਜਾਂ ਜਨਤਕ ਥਾਵਾਂ ‘ਤੇ ਲੋਕਾਂ ਨੂੰ ਸੁਚੇਤ ਕਰਨ ਲਈ ਹੂਟਰ ਲਗਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਖੁੱਲ੍ਹੇ ਸਥਾਨਾਂ ‘ਤੇ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਤੇਜ਼ ਝੱਖੜ ਅਤੇ ਬਿਜਲੀ ਚਮਕਣ ਦੀ ਸੁਰਤ ਵਿੱਚ ਘੱਟੋ-ਘੱਟ 30 ਮਿੰਟ ਤੱਕ ਘਰਾਂ ਜਾਂ ਸੁਰੱਖਿਅਤ ਇਮਾਰਤਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਲੋਹੇ ਦੀਆਂ ਪਾਈਪਾਂ ਅਤੇ ਮੈਟਲ ਦੀਆਂ ਸ਼ੀਟਾਂ ਦੇ ਥੱਲੇ ਖੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਜਲੀ ਚਮਕਣ ਜਾਂ ਝੱਖੜ ਦੌਰਾਨ ਜੇਕਰ ਕੋਈ ਵਿਆਕਤੀ ਬਾਹਰ ਰਹਿ ਵੀ ਜਾਵੇ ਤਾਂ ਉਸ ਨੂੰ ਧਰਤੀ ਤੋਂ ਉਚਾਈ ਵਾਲੀ ਜਗ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਾਰ ਦੇ ਟਾਇਰ ਅਤੇ ਰਬੜ ਦੇ ਜੁੱਤੇ ਕਿਸੇ ਤਰ੍ਹਾਂ ਵੀ ਬਿਜਲੀ ਡਿੱਗਣ ਤੋਂ ਬਚਾਓ ਨਹੀਂ ਕਰਦੇ ਹਨ। ਮੌਨਸੂਨ ਦੌਰਾਨ ਬਾਰਿਸ਼, ਬਿਜਲੀ ਚਮਕਣ ਦੀ ਸੁਰਤ ਵਿੱਚ ਆਪਣੇ ਪਾਲਤੂ ਪਸ਼ੂਆਂ ਨੂੰ ਘਾਹ ਚਰਾਉਣ ਲਈ ਬਾਹਰ ਨਹੀਂ ਲਿਜਾਉਣਾ ਚਾਹੀਦਾ। ਖਰਾਬ ਮੌਸਮ ਦੇ ਚੱਲਦਿਆਂ ਕਾਰ ਵਿੱਚ ਬੈਠੇ ਹੋਣ ਦੀ ਸੁਰਤ ਵਿੱਚ ਕਾਰ ਦੇ ਸ਼ੀਸ਼ੇ ਚੰਗੀ ਤਰ੍ਹਾਂ ਬੰਦ ਕਰ ਲੈਣੇ ਚਾਹੀਦੇ ਹਨ ਅਤੇ ਕਿਸੇ ਵੀ ਮੈਟਲ ਦੀ ਵਸਤੂ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਖਰਾਬ ਮੌਸਮ ਦੌਰਾਨ ਅਗਰ ਕੋਈ ਵਿਅਕਤੀ ਜੰਗਲੀ ਇਲਾਕੇ ਵਿੱਚ ਹੈ ਤਾਂ ਉਸ ਨੂੰ ਘੱਟ ਉੱਚੇ ਦਰਖਤ ਹੇਠ ਸ਼ਰਨ ਲੈਣੀ ਚਾਹੀਦੀ ਹੈ। ਬਿਜਲੀ ਡਿੱਗਣ ਤੋਂ ਬਚਾਓ ਲਈ ਖੁੱਲੀਆਂ ਗੱਡੀਆਂ ਜਿਵੇਂ ਕਿ ਮੋਟਰਸਾਇਕਲ, ਸਾਇਕਲ, ਗੋਲਫ ਕਾਰਟ, ਬਿਜਲੀ ਚਾਲਕ ਰਿਕਸ਼ਾ ਆਦਿ ਅਤੇ ਖੇਤੀਬਾੜੀ ਦੀ ਮਸ਼ੀਨਰੀ ਤੋਂ ਉੱਤਰ ਕੇ ਸਰੱਖਿਅਤ ਸਥਾਨ ‘ਤੇ ਜਾਣਾ ਚਾਹੀਦਾ ਹੈ।
Author: Malout Live