ਡੀ.ਏ.ਵੀ ਕਾਲਜ ਮਲੋਟ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਤੀਜੇ ਦਿਨ ਜਾਰੀ, ‘ਸਵੱਛ ਭਾਰਤ’ ਥੀਮ ਤਹਿਤ ਕੀਤੀ ਸਫਾਈ
ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰਾਂ- ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੇ ਸੱਤ ਰੋਜਾ ਐੱਨ.ਐੱਸ.ਐੱਸ ਕੈਂਪ ਦੇ ਤੀਜੇ ਦਿਨ ਵਲੰਟੀਅਰਾਂ ਨੇ ‘ਸਵੱਛ ਭਾਰਤ’ ਥੀਮ ਤਹਿਤ ਕਾਲਜ ਦੇ ਦਰੱਖਤਾਂ ਅਤੇ ਕਿਆਰੀਆਂ ਦੀ ਸਫਾਈ ਕੀਤੀ ਅਤੇ ਉਹਨਾਂ ਉੱਪਰ ਕਲੀ ਕੀਤੀ। ਇਸ ਤੋਂ ਇਲਾਵਾ ਇਸ ਦਿਨ ਮਲੋਟ ਸ਼ਹਿਰ ਦੇ ਸੋਸ਼ਲ ਵਰਕਰ ਸ਼੍ਰੀਮਤੀ ਅਨੁਪਮਾ ਗਗਨੇਜਾ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫਸਰਾਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਨੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੀ ਪ੍ਰੇਰਣਾ ਦਿੰਦੇ ਹੋਏ ‘ਨਾਰੀ ਸ਼ਕਤੀ’ ਵਿਸ਼ੇ ਤੇ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਤੋਂ ਇਲਾਵਾ ‘ਨਾਰੀ ਸ਼ਕਤੀ’ ਅਤੇ ‘ਕੋਰੋਨਾ ਦਾ ਵਿਦਿਆਰਥੀਆਂ ਦੇ ਸਰੀਰ ਅਤੇ ਦਿਮਾਗ ਉੱਪਰ ਪ੍ਰਭਾਵ’ ਵਿਸ਼ੇ ਤੇ ਇਕ ਭਾਸ਼ਣ ਪ੍ਰਤੀਯੋਗਿਤਾ ਵੀ ਕਰਵਾਈ ਗਈ। ਜਿਸ ਵਿੱਚ ਐੱਨ.ਐੱਸ.ਐੱਸ ਵਲੰਟੀਅਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰਤੀਯੋਗਿਤਾ ਦਾ ਨਿਰਣਾ ਮੈਡਮ ਤਜਿੰਦਰ ਕੌਰ, ਮੈਡਮ ਇਕਬਾਲ ਕੌਰ ਅਤੇ ਮੈਡਮ ਨੀਲਮ ਭਾਰਦਵਾਜ ਨੇ ਕੀਤਾ। ਜਿਸ ਵਿੱਚ ਖੁਸ਼ਬੂ, ਬੀ.ਐੱਸ.ਸੀ ਭਾਗ ਦੂਜਾ ਪਹਿਲੇ ਸਥਾਨ ਤੇ, ਜੈਨੀਫਰ ਬੀ.ਏ ਭਾਗ ਦੂਜਾ ਦੂਸਰੇ ਸਥਾਨ ਤੇ ਅਤੇ ਸੁਨਿਧੀ ਬੀ.ਏ ਭਾਗ ਦੂਜਾ ਤੀਜੇ ਸਥਾਨ ਤੇ ਰਹੀਆਂ। ਅਖੀਰ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਅਨੁਪਮਾ ਗਗਨੇਜਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਰਿਟਾਇਰ ਪ੍ਰੋਫੈਸਰ ਮੈਡਮ ਗੁਣਮਾਲਾ ਸਿੰਗਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਿਰ ਸੀ।