ਟਰੱਕ ਡਰਾਈਵਰਾਂ ਲਈ ਵੱਡੀ ਰਾਹਤ, ਕੈਬਿਨ ਨੂੰ ਏਅਰ ਕੰਡੀਸ਼ਨ ਬਣਾਉਣ ਦਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਐਲਾਨ
ਮਲੋਟ (ਪੰਜਾਬ, ਇੰਡੀਆ): ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗਰਮੀਆਂ ਦੇ ਮੌਸਮ 'ਚ ਟਰੱਕ ਡਰਾਈਵਰਾਂ ਨੂੰ ਰਾਹਤ ਦਿਵਾਉਣ ਲਈ ਵੱਡਾ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਦੌਰਾਨ ਟਰੱਕ ਦੇ ਕੈਬਿਨ ਨੂੰ ਏਅਰ ਕੰਡੀਸ਼ਨ ਬਣਾਉਣ ਦਾ ਫੈਂਸਲਾ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਬਹੁਤ ਜਲਦੀ ਟਰੱਕ ਡਰਾਈਵਰਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨ ਹੋਣਾ ਲਾਜ਼ਮੀ ਕਰ ਦਿੱਤਾ ਜਾਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਟਰਾਂਸਪੋਰਟ ਸੈਕਟਰ ਵਿੱਚ ਡਰਾਈਵਰ ਦੀ ਸਭ ਤੋਂ ਵੱਡੀ ਭੂਮਿਕਾ ਹੈ। ਭਾਰਤ ਵਿੱਚ ਟਰਾਂਸਪੋਰਟ ਸੈਕਟਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ ਅਤੇ ਅਜਿਹੇ ਵਿੱਚ ਟਰਾਂਸਪੋਰਟ ਸੈਕਟਰ ਵੱਲ ਧਿਆਨ ਦੇਣਾ ਲਾਜ਼ਮੀ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਟਰੱਕ ਡਰਾਈਵਰਾਂ ਦੇ ਕੰਮਕਾਜੀ ਹਾਲਾਤ ਅਤੇ ਸਹੂਲਤਾਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ। ਦੱਸ ਦੇਈਏ ਕਿ ਨਿਤਿਨ ਗਡਕਰੀ ਨੇ 'ਦੇਸ਼ ਚਾਲਕ' ਨਾਮ ਦੀ ਕਿਤਾਬ ਦੇ ਉਦਘਾਟਨ ਸਮਾਰੋਹ ਦੌਰਾਨ ਇਹ ਐਲਾਨ ਕੀਤਾ। ਇਹ ਕਿਤਾਬ ਭਾਰਤੀ ਡਰਾਈਵਰਾਂ ਨੂੰ ਸਨਮਾਨ ਦੇਣ ਲਈ ਲਿਖੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਟਰੱਕ ਡਰਾਈਵਰ ਅੱਤ ਦੀ ਗਰਮੀ ਵਿੱਚ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨਾਂ ਸਬੰਧੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਨਿਤਿਨ ਗਡਕਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਕਿ ਇਸ ਨਾਲ ਲਾਗਤ ਵਧੇਗੀ। ਪਰ ਇੱਥੇ ਆਉਣ ਤੋਂ ਪਹਿਲਾਂ ਮੈਂ ਫਾਈਲ 'ਤੇ ਦਸਤਖਤ ਕਰ ਦਿੱਤੇ ਹਨ ਕਿ ਹੁਣ ਤੋਂ ਟਰੱਕਾਂ ਦੇ ਡਰਾਈਵਰ ਕੈਬਿਨ ਏਅਰ ਕੰਡੀਸ਼ਨਡ ਹੋਣਗੇ। Author: Malout Live