ਬੀ. ਐੱਸ. ਐੱਫ. ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਆਂ ਨੂੰ ਕੀਤਾ ਕਾਬੂ
ਫ਼ਾਜ਼ਿਲਕਾ:- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ. ਓ. ਪੀ. ਸਾਦਕੀ ਨਜ਼ਦੀਕ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਆਂ ਨੂੰ ਪਾਕਿਸਤਾਨੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀ. ਐੱਸ. ਐੱਫ. ਦੀ 181 ਬਟਾਲੀਅਨ ਦੇ ਜਵਾਨ ਜਦੋਂ ਫ਼ਾਜ਼ਿਲਕਾ ਸੈਕਟਰ 'ਚ ਕੌਮਾਂਤਰੀ ਸਰਹੱਦ ਦੀ ਬੀ. ਓ. ਪੀ. ਸਾਦਗੀ ਨੇੜੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ 'ਚ ਘੁਸਪੈਠ ਕਰਦਿਆਂ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਫੜ ਲਿਆ ਅਤੇ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ। ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਫ਼ਾਜ਼ਿਲਕਾ ਪੁਲਿਸ ਦੇ ਹਵਾਲੇ ਕਰ ਦਿੱਤਾ। ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਸਾਜਿਦ ਅਲੀ ਪੁੱਤਰ ਸ਼ਾਹਿਦ ਅਲੀ ਵਾਸੀ ਕੱਚੀ ਆਬਾਦੀ ਵਾਇਆ ਨਾਜਾਦ ਰੇਲਵੇ ਫਾਟਕ ਗਲੀ ਨੰਬਰ 10 ਮੁਮਤਾਜ਼ ਬਾਦ ਪਾਕਿਸਤਾਨ ਵਜੋਂ ਹੋਈ ਹੈ। ਪੁਲਿਸ ਨੇ ਪਾਕਿਸਤਾਨੀ ਘੁਸਪੈਠੀਏ ਤੋਂ 1 ਹਜ਼ਾਰ, 40 ਰੁਪਏ ਦੀ ਪਾਕਿ ਕਰੰਸੀ ਬਰਾਮਦ ਕਰਕੇ ਉਸ ਦੇ ਵਿਰੁੱਧ ਥਾਣਾ ਸਦਰ 'ਚ ਧਾਰਾ 3/34 ਆਈ. ਪੀ. ਐਕਟ, 14 ਫ਼ੋਰਨਰ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।