ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦਾ ਗੋਲੀਆਂ ਮਾਰ ਕੇ ਕਤਲ

ਬਟਾਲਾ:- ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ ਵਿਚ ਕੁਝ ਲੋਕਾਂ ਵਲੋਂ ਰੰਜਿਸ਼ ਦੇ ਚੱਲਦਿਆਂ ਸਾਬਕਾ ਅਕਾਲੀ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਲੀ ਸੂਰਤ ਮੱਲੀ ਦੇ ਐੱਸ.ਐੱਚ.ਓ. ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਲਬੀਰ ਸਿੰਘ ਤੇ ਚਾਚਾ ਲਖਵਿੰਦਰ ਸਿੰਘ ਜਦ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਉਹ ਬਾਹਰ ਪੋਲ 'ਤੇ ਲੱਗੇ ਬੱਲਬ ਦੇ ਕੋਲ ਪਹੁੰਚੇ ਜਿਸ 'ਤੇ ਉਸਦੇ ਪਿਤਾ ਫੋਨ 'ਤੇ ਗੱਲ ਕਰਦੇ ਹੋਏ ਥੋੜੀ ਅੱਗੇ ਚੱਲੇ ਗਏ। ਸੰਦੀਪ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਤਿੰਨ ਵਿਅਕਤੀ ਮੇਜਰ ਸਿੰਘ ਪੁੱਤਰ ਬਲਵਿੰਦਰ ਸਿੰਘ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਆਪਣੇ 4-5 ਅਣਪਛਾਤੇ ਸਾਥੀਆਂ ਨਾਲ ਆਏ ਅਤੇ ਉਸਦੇ ਪਿਤਾ ਦਲਬੀਰ ਸਿੰਘ ਨੂੰ ਕੇ ਕਹਿਣ ਲੱਗੇ ਕਿ ਇਸ ਨੂੰ ਸਾਂਝੀ ਜ਼ਮੀਨ ਦੀ ਵੱਟ ਵੱਢਣ ਦਾ ਮਜ਼ਾ ਦਸ ਦਿਓ। ਬੱਸ, ਇਸੇ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀਆਂ ਵਿਚੋਂ ਬਲਵਿੰਦਰ ਸਿੰਘ ਨੇ ਉਸਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਦਾਤਰ ਤੇ ਸੂਏ ਨਾਲ ਪਹਿਲਾਂ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਉਪਰੰਤ ਨਾਲ ਹੀ ਮਨਦੀਪ ਸਿੰਘ ਤੇ ਮੇਜਰ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਨੇ ਉਸਦੇ ਪਿਤਾ ਦਲਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਉੁਨ੍ਹਾਂ ਨੂੰ ਤੁਰੰਤ ਕਾਰਪੋਰੇਟ ਹਸਪਤਾਲ ਅੰਮ੍ਰਿਤਸਰ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਐੱਸ.ਐੱਚ.ਓ. ਨੇ ਅੱਗੇ ਦੱਸਿਆ ਕਿ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਸਮੇਤ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦਲਬੀਰ ਸਿੰਘ ਢਿੱਲਵਾਂ ਦੀ ਲਾਸ਼ ਕਬਜ਼ੇ ਵਿਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਚ ਭੇਜ ਦਿੱਤੀ ਗਈ ਹੈ।