ਆਈ.ਜੀ ਫਰੀਦਕੋਟ ਅਤੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ
ਆਈ.ਜੀ ਫਰੀਦਕੋਟ ਅਤੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ। ਆਈਜੀ ਫਰੀਦਕੋਟ ਅਤੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੈਕਿੰਗ ਦੌਰਾਨ ਥਾਣੇ ਦੇ ਹਰ ਮਹੱਤਵਪੂਰਨ ਭਾਗ ਦੀ ਬਰੀਕੀ ਨਾਲ ਜਾਂਚ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹੇ ਅੰਦਰ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਪੁਲਿਸ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ ਹੋਰ ਸੁਚੱਜਾ ਬਣਾਉਣ ਦੇ ਮਕਸਦ ਨਾਲ ਸ਼੍ਰੀਮਤੀ ਨਿਲੰਬਰੀ ਜਗਦਲੇ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ ਅਤੇ ਸ਼੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ। ਆਈਜੀ ਫਰੀਦਕੋਟ ਅਤੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੈਕਿੰਗ ਦੌਰਾਨ ਥਾਣੇ ਦੇ ਹਰ ਮਹੱਤਵਪੂਰਨ ਭਾਗ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਵੱਲੋਂ ਮਾਲਖਾਨਾ ਰਿਕਾਰਡ, ਅਸਲਾ ਸਟੋਰ ਅਤੇ ਉਸਦੀ ਮੇਨਟੇਨੈਂਸ, ਡਾਕ ਰਜਿਸਟਰ, ਰੋਜ਼ਨਾਮਚਾ, ਐੱਸ ਪ੍ਰਬੰਧ, ਸੀ.ਸੀ.ਟੀ.ਵੀ ਕੈਮਰਿਆਂ ਦੀ ਕਾਰਗੁਜ਼ਾਰੀ, ਥਾਣਾ ਬਿਲਡਿੰਗ ਦੀ ਸਥਿਤੀ ਅਤੇ ਹੋਰ ਆਧਾਰਭੂਤ ਸਹੂਲਤਾਂ ਦਾ ਮੁਲਾਂਕਣ ਕੀਤਾ ਗਿਆ। ਉਨ੍ਹਾਂ ਖਾਸ ਤੌਰ 'ਤੇ ਇਹ ਯਕੀਨੀ ਬਣਾਇਆ ਕਿ ਹਰ ਰਿਕਾਰਡ ਸਹੀ ਤਰੀਕੇ ਨਾਲ ਅਪਡੇਟ ਹੈ ਅਤੇ ਹਰੇਕ ਪ੍ਰਕਿਰਿਆ ਨਿਯਮਾਂ ਅਨੁਸਾਰ ਚੱਲ ਰਹੀ ਹੈ।
ਚੈਕਿੰਗ ਦੌਰਾਨ ਆਈ.ਜੀ ਫਰੀਦਕੋਟ ਅਤੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਧਿਕਾਰੀਆਂ ਵੱਲੋਂ ਥਾਣੇ ਦੇ ਸਟਾਫ ਨਾਲ ਸਿੱਧੀ ਮੁਲਾਕਾਤ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੀ ਤੁਰੰਤ ਅਤੇ ਨਿਰਪੱਖ ਸੁਣਵਾਈ ਕੀਤੀ ਜਾਵੇ। ਤਫ਼ਤੀਸ਼ ਅਧੀਨ ਮਾਮਲਿਆਂ ਨੂੰ ਤਰਜੀਹ ਦੇ ਕੇ ਜਲਦੀ ਨਿਪਟਾਇਆ ਜਾਵੇ । ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਥਾਣੇ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਹਰ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਹੈਲਪਲਾਈਨ ਨੰਬਰ 80549-42100 'ਤੇ ਵਟਸਐਪ ਜਾਂ ਫੋਨ ਰਾਹੀਂ ਸੂਚਨਾ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
Author : Malout Live



