ਸ਼੍ਰੀ ਮੁਕਤਸਰ ਸਾਹਿਬ ‘ਚ ਕੰਡਕਟਰ ਨਾਲ ਹੋਈ ਕੁੱਟਮਾਰ, ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਮਾਰਗ ਕੀਤਾ ਜਾਮ

ਬੀਤੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ’ਚ ਪੀ.ਆਰ.ਟੀ.ਸੀ ਬੱਸ ਦੇ ਕੰਡਕਟਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਤੋਂ ਨਾਰਾਜ਼ ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਰਕੇ ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਮਾਰਗ ਤੇ ਜਾਮ ਲਗਾ ਦਿੱਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਚ ਪੀ.ਆਰ.ਟੀ.ਸੀ ਬੱਸ ਦੇ ਕੰਡਕਟਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਤੋਂ ਨਾਰਾਜ਼ ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਰਕੇ ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਮਾਰਗ ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨ ਕਾਰਨ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਯਾਤਰੀਆਂ ਸਮੇਤ ਹੋਰ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੀ.ਆਰ.ਟੀ.ਸੀ ਕੰਡਕਟਰ ਹਰਤਾਰ ਸ਼ਰਮਾ, ਚਾਲਕ ਹਰਪ੍ਰੀਤ ਸਿੰਘ ਅਤੇ ਮੁਲਾਜ਼ਮ ਪ੍ਰੇਮ ਚੰਦ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਪੀ.ਆਰ.ਟੀ.ਸੀ ਬੱਸ ਨੰਬਰ PB03 AJ 5542 ਰਾਹੀਂ ਸ਼੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਮਾਨਸਾ ਜਾ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਬੱਸ ਦੋਦਾ ਪਹੁੰਚੀ ਤਾਂ ਇੱਕ ਯਾਤਰੀ ਨਾਲ ਮੌਜੂਦ ਕੁੱਝ ਨੌਜਵਾਨਾਂ ਨੇ ਬੱਸ ਨੂੰ ਨਿਰਧਾਰਤ ਬੱਸ ਅੱਡੇ ਤੋਂ ਪਹਿਲਾਂ ਰੁਕਵਾ ਲਿਆ।

ਇਸ ਤੋਂ ਬਾਅਦ ਨੌਜਵਾਨਾਂ ਨੇ ਬੱਸ ਨੂੰ ਘੇਰ ਲਿਆ ਅਤੇ ਕੰਡਕਟਰ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੇ ਬੱਸ ਨੂੰ ਆਪਣੇ ਕਬਜ਼ੇ ਚ ਲੈ ਕੇ ਸੜਕ ਦੇ ਵਿਚਕਾਰ ਰੋਕ ਦਿੱਤਾ। ਇਸ ਘਟਨਾ ਤੋਂ ਗੁੱਸੇ ਚ ਆਏ ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਵਿਰੋਧ ਵਜੋਂ ਕਈ ਬੱਸਾਂ ਨੂੰ ਸੜਕ ਤੇ ਖੜ੍ਹਾ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਇੱਕ ਘੰਟਾ ਮਾਰਗ ਜਾਮ ਰਹਿਣ ਕਾਰਨ ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਥਾਣਾ ਕੋਟਭਾਈ ਦੇ ਐੱਸ.ਐਚ.ਓ ਦਵਿੰਦਰ ਕੁਮਾਰ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਕੁੱਟਮਾਰ ਦੀ ਘਟਨਾ ਦੇ ਕਾਰਨਾਂ ਅਤੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Author : Malout Live