ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਭਰ ਵਿੱਚ ਡੀਵੌਰਮਿੰਗ ਮੁਹਿੰਮ ਦਾ ਆਗ਼ਾਜ਼

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਭਰ ਵਿੱਚ ਡੀਵੌਰਮਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਲੰਬੀ ਹਲਕੇ ਤੋਂ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਭਰ ਵਿੱਚ ਡੀਵੌਰਮਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਲੰਬੀ ਹਲਕੇ ਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 7.78 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਪਸ਼ੂਧਨ ਨੂੰ ਮਲੱਪ ਰਹਿਤ ਕਰਨ ਲਈ ਡੀਵੌਰਮਿੰਗ ਦਵਾਈ ਖਰੀਦੀ ਹੈ ਅਤੇ ਇਹ ਦਵਾਈ ਸੂਬੇ ਭਰ ਦੇ ਕਿਸਾਨਾਂ ਨੂੰ ਮੁਫ਼ਤ ਵੰਡੀ ਜਾਵੇਗੀ।

ਅਧਿਕਾਰੀਆਂ ਨੂੰ ਇਸੇ ਹਫ਼ਤੇ ਦੇ ਅੰਦਰ ਡੀਵੌਰਮਿੰਗ ਮੁਹਿੰਮ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੇ ਦਵਾਈ ਸਿੱਧੀ ਕਿਸਾਨਾਂ ਨੂੰ ਪਹੁੰਚਾਉਣ ਲਈ 2000 ਤੋਂ ਵੱਧ ਟੀਮਾਂ ਗਠਿਤ ਕੀਤੀਆਂ ਹਨ। ਰਾਜ ਵਿੱਚ ਇਹ ਦੂਜੀ ਡੀਵੌਰਮਿੰਗ ਮੁਹਿੰਮ ਹੈ, ਜਿਸ ਦਾ ਦੁੱਧ ਉਤਪਾਦਨ 'ਤੇ ਸਕਾਰਾਤਮਕ ਪ੍ਰਭਾਵ ਪੈਣ ਸਦਕਾ ਕਿਸਾਨਾਂ ਨੂੰ ਵਧੇਰੇ ਆਮਦਨ ਹੋਣ ਦੀ ਉਮੀਦ ਹੈ। ਪਿਛਲੇ ਸਾਲ ਦੀ ਮੁਹਿੰਮ ਨੂੰ ਪਸ਼ੂ ਮਾਲਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਉਹਨਾਂ ਵੱਲੋਂ ਇਸ ਸਾਲ ਵੀ ਇਸ ਨੂੰ ਦੁਹਰਾਉਣ ਸੰਬੰਧੀ ਬੇਨਤੀ ਕੀਤੀ ਗਈ ਸੀ। ਇਸ ਨਾਲ ਸੂਬੇ ਦੇ ਸਾਰੇ ਜਾਨਵਰਾਂ ਨੂੰ ਮਲੱਪ ਰਹਿਤ ਕੀਤਾ ਜਾ ਸਕੇਗਾ, ਜੋ ਦੁੱਧ ਉਤਪਾਦਨ ਨੂੰ ਵਧਾਉਣ ਅਤੇ ਜਾਨਵਰਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਹੋਰ ਵਧਾਉਣ ਵਿੱਚ ਸਹਾਈ ਹੋਵੇਗਾ। ਇਹ ਦਵਾਈ ਸੂਬੇ ਭਰ ਦੇ ਸਾਰੇ ਸਿਵਲ ਵੈਟਰਨਰੀ ਹਸਪਤਾਲਾਂ ਅਤੇ ਸਿਵਲ ਵੈਟਰਨਰੀ ਡਿਸਪੈਂਸਰੀਆਂ ਵਿੱਚ ਉਪਲੱਬਧ ਹੈ ਅਤੇ ਪਸ਼ੂ ਪਾਲਕ ਆਪਣੇ ਨੇੜਲੇ ਵੈਟਨਰੀ ਸੰਸਥਾ ਤੋਂ ਪ੍ਰਾਪਤ ਕਰ ਸਕਦੇ ਹਨ।

Author : Malout Live