ਮਲੋਟ ਦੇ ਪਿੰਡ ਬਾਮ ‘ਚ ਭਾਰੀ ਬਾਰਿਸ਼ਾਂ ਨਾਲ ਹੋਏ ਨੁਕਸਾਨ ਦਾ ਸਹਾਇਕ ਕਮਿਸ਼ਨਰ ਸ਼ਿਵਾਂਸ਼ ਅਸਥਾਨਾ ਵੱਲੋਂ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਸਹਾਇਕ ਕਮਿਸ਼ਨਰ (ਜ) ਸ਼ਿਵਾਂਸ਼ ਅਸਥਾਨਾ ਵੱਲੋਂ ਪਿਛਲੇ ਦਿਨੀ ਹੋਈਆਂ ਲਗਾਤਾਰ ਬਾਰਿਸ਼ਾਂ ਦੇ ਕਾਰਨ ਹੋਏ ਨੁਕਸਾਨ ਦੇ ਸੰਬੰਧ ਵਿੱਚ ਮਲੋਟ ਦੇ ਪਿੰਡ ਬਾਮ ਦਾ ਦੌਰਾ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਸਹਾਇਕ ਕਮਿਸ਼ਨਰ (ਜ) ਸ਼ਿਵਾਂਸ਼ ਅਸਥਾਨਾ ਵੱਲੋਂ ਪਿਛਲੇ ਦਿਨੀ ਹੋਈਆਂ ਲਗਾਤਾਰ ਬਾਰਿਸ਼ਾਂ ਦੇ ਕਾਰਨ ਹੋਏ ਨੁਕਸਾਨ ਦੇ ਸੰਬੰਧ ਵਿੱਚ ਮਲੋਟ ਦੇ ਪਿੰਡ ਬਾਮ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਸਹਾਇਕ ਕਮਿਸ਼ਨਰ ਸ਼ਿਵਾਂਸ਼ ਅਸਥਾਨਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਪਾਣੀ ਨਾਲ ਹੋਏ ਨੁਕਸਾਨ ਦੀ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਬਣਦਾ ਮੁਆਵਜ਼ਾ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਸਹਾਇਕ ਕਮਿਸ਼ਨਰ ਸ਼ਿਵਾਂਸ਼ ਅਸਥਾਨਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਧੂ ਪਾਣੀ ਦੀ ਮਾਰ ਝੱਲ ਰਹੇ ਇਸ ਪਿੰਡ ਦੀ ਸਮੱਸਿਆ ਦੇ ਸਥਾਈ ਹੱਲ ਲਈ ਜਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਪਿੰਡ ਵਾਸੀਆਂ ਦੇ ਨਾਲ ਹੈ। ਸਹਾਇਕ ਕਮਿਸ਼ਨਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਿੰਡ ਦੇ ਪੰਚ-ਸਰਪੰਚ ਨੂੰ ਆਪਣੀ ਗ੍ਰਾਮ ਪੰਚਾਇਤ ਵਿੱਚ ਤੁਰੰਤ ਸਫ਼ਾਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗਲੀਆਂ, ਨਾਲੀਆਂ ਤੇ ਸੜਕਾਂ ਦੀ ਸਾਫ਼-ਸਫ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਤੋਂ ਬਾਅਦ ਕਈ ਬਿਮਾਰੀਆਂ ਦੇ ਫੈਲਣ ਦੀ ਸੰਭਾਵਨਾ ਹੁੰਦੀ ਹੈ। ਇਸ ਮੌਕੇ ਤਹਿਸੀਲਦਾਰ ਮਲੋਟ ਗੁਰਪ੍ਰੀਤ ਸਿੰਘ, ਜਿਲ੍ਹਾ ਮੀਡੀਆ ਸਕੱਤਰ ਰਮੇਸ਼ ਅਰਨੀਵਾਲਾ, ਪਿੰਡ ਦੇ ਸਰਪੰਚ ਜਗਮੀਤ ਸਿੰਘ ਬਾਮ ਤੋਂ ਇਲਾਵਾ ਮੋਹਤਬਰ ਵਿਅਕਤੀ, ਪਟਵਾਰੀ ਸਾਹਿਬਾਨ ਅਤੇ ਸੰਬੰਧਿਤ ਅਧਿਕਾਰੀ ਵੀ ਮੌਜੂਦ ਸਨ।

Author : Malout Live