ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ਵਿਖੇ ਸਮਰ ਮੇਲੇ ਦਾ ਹੋਇਆ ਸ਼ਾਨਦਾਰ ਆਯੋਜਨ
ਬਲਾਕ ਲੰਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ਵਿਖੇ ਗਰਮੀਆਂ ਦੇ ਕੈਂਪ ਦੀ ਸਫ਼ਲਤਾ ਨੂੰ ਮੁੱਖ ਰੱਖਦਿਆਂ ਇੱਕ ਰੋਜ਼ਾ ਸ਼ਾਨਦਾਰ 'ਸਮਰ ਮੇਲਾ' ਕਰਵਾਇਆ ਗਿਆ। ਇਸ ਮੇਲੇ ਦਾ ਮੁੱਖ ਆਕਰਸ਼ਣ ਬੱਚਿਆਂ ਦੀ ਕੀਤੀ ਗਈ 'ਐਂਡਲਾਈਨ ਅਸੈਸਮੈਂਟ' ਰਿਹਾ, ਜਿਸ ਰਾਹੀਂ ਕੈਂਪ ਦੌਰਾਨ ਬੱਚਿਆਂ ਦੁਆਰਾ ਸਿੱਖੀਆਂ ਗਈਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਬੌਧਿਕ ਪੱਧਰ ਦੀ ਜਾਂਚ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਲਾਕ ਲੰਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ਵਿਖੇ ਗਰਮੀਆਂ ਦੇ ਕੈਂਪ ਦੀ ਸਫ਼ਲਤਾ ਨੂੰ ਮੁੱਖ ਰੱਖਦਿਆਂ ਇੱਕ ਰੋਜ਼ਾ ਸ਼ਾਨਦਾਰ 'ਸਮਰ ਮੇਲਾ' ਕਰਵਾਇਆ ਗਿਆ। ਇਸ ਮੇਲੇ ਦਾ ਮੁੱਖ ਆਕਰਸ਼ਣ ਬੱਚਿਆਂ ਦੀ ਕੀਤੀ ਗਈ 'ਐਂਡਲਾਈਨ ਅਸੈਸਮੈਂਟ' ਰਿਹਾ, ਜਿਸ ਰਾਹੀਂ ਕੈਂਪ ਦੌਰਾਨ ਬੱਚਿਆਂ ਦੁਆਰਾ ਸਿੱਖੀਆਂ ਗਈਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਬੌਧਿਕ ਪੱਧਰ ਦੀ ਜਾਂਚ ਕੀਤੀ ਗਈ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ 'ਪ੍ਰਥਮ' ਸੰਸਥਾ ਦੇ ਕੋਆਰਡੀਨੇਟਰ ਤਨਵੀਰ ਫਾਂਡਾ ਨੇ ਅਸੈਸਮੈਂਟ ਪ੍ਰਕਿਰਿਆ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਦੀ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟਾਈ। ਮੇਲੇ ਨੂੰ ਸਫ਼ਲ ਬਣਾਉਣ ਵਿੱਚ ਸਕੂਲ ਦੇ ਹੈੱਡ ਟੀਚਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਆਂਗਣਵਾੜੀ ਵਰਕਰਾਂ ਸਤਨਾਮ ਕੌਰ, ਨਾਨਕੀ, ਕਵਿਤਾ ਰਾਣੀ ਅਤੇ ਵੀਰਪਾਲ ਕੌਰ ਨੇ ਬਹੁਤ ਹੀ ਸ਼ਲਾਘਾਯੋਗ ਅਤੇ ਅਹਿਮ ਭੂਮਿਕਾ ਨਿਭਾਈ। ਆਂਗਣਵਾੜੀ ਵਰਕਰਾਂ ਨੇ ਨਾ ਸਿਰਫ਼ ਛੋਟੇ ਬੱਚਿਆਂ ਨੂੰ ਮੇਲੇ ਦੀਆਂ ਗਤੀਵਿਧੀਆਂ ਨਾਲ ਜੋੜਿਆ, ਬਲਕਿ ਅਸੈਸਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਵੀ ਪੂਰਾ ਸਹਿਯੋਗ ਦਿੱਤਾ।
ਮੇਲੇ ਦੌਰਾਨ ਪ੍ਰਾਇਮਰੀ ਅਤੇ ਆਂਗਣਵਾੜੀ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਕਲਾਤਮਕ ਵਸਤੂਆਂ, ਚਾਰਟਾਂ ਅਤੇ ਮਾਡਲਾਂ ਦੀ ਸੁੰਦਰ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦੇਖ ਕੇ ਬਹੁਤ ਖੁਸ਼ੀ ਪ੍ਰਗਟਾਈ। ਸਕੂਲ ਦੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਨੇ ਪ੍ਰਥਮ ਕੋਆਰਡੀਨੇਟਰ ਤਨਵੀਰ ਫਾਂਡਾ, ਆਂਗਣਵਾੜੀ ਵਰਕਰਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਂਝੇ ਉਪਰਾਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਐਂਡਲਾਈਨ ਅਸੈਸਮੈਂਟ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ, ਜੋ ਇਹ ਸਾਬਤ ਕਰਦੇ ਹਨ ਕਿ ਬੱਚਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਭਰਪੂਰ ਫਾਇਦਾ ਉਠਾਇਆ ਹੈ। ਮੇਲੇ ਦੇ ਅਖੀਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਅਤੇ ਸਹਿਯੋਗ ਦੇਣ ਵਾਲੀਆਂ ਆਂਗਣਵਾੜੀ ਵਰਕਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
Author : Malout Live



