ਅਣਪਛਾਤੇ ਵਿਅਕਤੀਆਂ ਵੱਲੋਂ 37 ਹਜ਼ਾਰ ਰੁਪਏ ਦੀ ਮਾਰੀ ਗਈ ਠੱਗੀ
ਮਲੋਟ:- ਕਾਰਪੋਰੇਸ਼ਨ ਬੈਂਕ ਕੋਲ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ਨਾਲ 37 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਲਾਲ ਪੁੱਤਰ ਓਮ ਪ੍ਰਕਾਸ਼ ਵਲੋਂ ਬੈਂਕ ਵਿਚੋਂ 37 ਹਜ਼ਾਰ ਰੁਪਏ ਕਢਵਾਏ ਸਨ। ਉਸ ਨੂੰ ਬੈਂਕ ਕਰਮਚਾਰੀ ਨੇ 37 ਹਜ਼ਾਰ ਰੁਪਏ ਖੁੱਲ੍ਹੇ ਪੈਸੇ ਦਿੱਤੇ। ਉਸ ਨੇ ਬੈਂਕ ਕਰਮਚਾਰੀ ਕੋਲੋਂ ਬੱਝੇ ਪੈਸਿਆਂ ਦੀ ਮੰਗ ਕੀਤੀ, ਪ੍ਰੰਤੂ ਨਹੀਂ ਮਿਲੋਂ ਅਤੇ ਉੱਥੇ ਖੜੇ ਅਣਪਛਾਤੇ ਵਿਅਕਤੀ ਉਸ ਨੂੰ ਕਹਿਣ ਲੱਗੇ ਕਿ ਉਨ੍ਹਾਂ ਨੇ 2 ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣੇ ਹਨ , ਉਹ ਖੁੱਲ੍ਹੇ ਪੈਸੇ ਉਨ੍ਹਾਂ ਨੂੰ ਦੇ ਦੇਵੇਂ ਅਤੇ ਉਹ ਬੱਝੇ ਪੈਸੇ ਉਸ ਨੂੰ ਦੇ ਦੇਣਗੇ। ਜਿਸ ਉਪਰੰਤ ਉਕਤ ਵਿਅਕਤੀ ਵਲੋਂ ਉਨ੍ਹਾਂ ਨੂੰ 37 ਹਜ਼ਾਰ ਰੁਪਏ ਦੇ ਦਿੱਤੇ ਗਏ ਅਤੇ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਸਾਹਮਣੇ ਉਨ੍ਹਾਂ ਦੀ ਕਾਰ ਖੜੀ ਹੈ ਅਤੇ ਉਸ ਵਿਚੋਂ ਪੈਸੇ ਲਿਆ ਕੇ ਉਸ ਨੂੰ ਦਿੰਦੇ ਹਨ , ਪ੍ਰੰਤੂ ਉਹ ਅਣਪਛਾਤੇ ਵਿਅਕਤੀ ਪੈਸੇ ਲੈ ਕੇ ਵਾਪਸ ਨਹੀਂ ਆਏ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਥਾਣਾ ਸਿਟੀ ਦੇ ਮੁਖੀ ਅਮਨਦੀਪ ਸਿੰਘ ਨੂੰ ਦਿੱਤੀ ਗਈ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ।