ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ ਫੰੰਡ ਸਕੀਮ ਅਧੀਨ ਕੀਤਾ ਜਾਂਦਾ ਹੈ ਕਾਲੇ ਪੀਲੀਏ ਦਾ ਮੁਫ਼ਤ ਇਲਾਜ: ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫਸਰ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਸਮੇਂ ਜਿ਼ਲ੍ਹੇ ਦੀਆਂ ਸਿਹਤ ਸੰਸਥਾਵਾਂ ਅਤੇ ਪਬਲਿਕ ਥਾਵਾਂ ਤੇ ਸਿਹਤ ਸਟਾਫ਼ ਵੱਲੋਂ ਹੈਪੇਟਾਈਟਸ (ਪੀਲੀਏ) ਸਬੰਧੀ ਜਾਗਰੂਕ ਕੀਤਾ ਗਿਆ। ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਵਿੱਚ ਅੱਜ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਅਤੇ ਸਿਵਲ ਸਰਜਨ ਦਫ਼ਤਰ ਵਿਖੇ ਸਮਾਗਮ ਕਰਵਾਏ ਗਏ।
ਇਸ ਸਮੇਂ ਡਾ ਰੰਜੂ ਸਿੰਗਲਾ ਅਤੇ ਡਾ ਸ਼ਤੀਸ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਹੈਪਾਟਾਈਟਸ ਤੋਂ ਬਚਣ ਲਈ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਹੈਪੇਟਾਈਟਸ ਇੱਕ ਜਿਗਰ ਦੀ ਬਿਮਾਰੀ ਹੈ, ਜ਼ੋ ਕਿ ਹੈਪੇਟਾਈਟਸ ਵਾਇਰਸ ਦੀ ਇਨਫੈਕਸ਼ਨ ਨਾਲ ਫੈਲਦੀ ਹੈ।ਇਸ ਬਿਮਾਰੀ ਦੀਆਂ ਵੱਖ ਵੱਖ ਕਿਸਮਾਂ ਹਨ ਜਿਵੇਂ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ। ਉਹਨਾਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਅਤੇ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦੀ ਹੈ। ਹੈਪੇਟਾਈਟਸ ਬੀ ਅਤੇ ਸੀ ਬਿਮਾਰੀ ਦੂਸਿਤ ਸਰਿੰਜਾਂ, ਅਸੁਰੱਖਿਅਤ ਸੈਕਸ ਸਬੰਧ, ਪੀੜਿਤ ਮਰੀਜ਼ ਦਾ ਖੂਨ ਤੰਦਰੁਸਤ ਮਰੀਜ਼ ਦੇ ਲਗਾਉਣ ਨਾਲ, ਗਰਭਵਤੀ ਔਰਤ ਤੋਂ ਨਵਜੰਮੇ ਬੱਚੇ ਨੂੰ ਹੁੰਦੀ ਹੈ। ਨਸ਼ਾ ਕਰਨ ਵਾਲਿਆਂ ਵਿੱਚ ਇਹ ਬਿਮਾਰੀ ਬਹੁਤ ਜਿਆਦਾ ਹੁੰਦੀ ਹੈ। ਜੇਕਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਬਹੁਤ ਜਾਨਲੇਵਾ ਅਤੇ ਖਤਰਨਾਕ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ ਫੰੰਡ 2016 ਤੋਂ ਪੰਜਾਬ ਵਿੱਚ ਚੱਲ ਰਹੀ ਹੈ। ਇਸ ਯੋਜਨਾ ਤਹਿਤ ਪੰਜਾਬ ਰਾਜ ਦੇ ਵਸਨੀਕਾਂ ਲਈ ਮੁਫ਼ਤ ਇਲਾਜ ਦੀ ਸੁਵਿਧਾ ਪੰਜਾਬ ਦੇ ਸਾਰੇ ਜਿਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜ਼ਾਂ ਵਿੱਚ ਉਪਲਬਧ ਹੈ। ਇਹ ਪ੍ਰੋਗ੍ਰਾਮ ਸਫ਼ਲਤਾ ਨਾਲ ਚੱਲ ਰਿਹਾ ਹੈ। ਜੇਕਰ ਕਿਸੇ ਨੂੰ ਇਸ ਬਿਮਾਰੀ ਪ੍ਰਤੀ ਸੰਕਾ ਹੋਵੇ ਤਾਂ ਉਹ ਆਪਣੇ ਟੈਸਟ ਕਰਵਾ ਸਕਦਾ ਹੈ। ਪਾਜੇਟਿਵ ਆਉਣ ਦੀ ਸੂਰਤ ਵਿੱਚ ਪੂਰੇ ਕੋਰਸ ਦੀ ਆਪਣੀ ਦਵਾਈ ਜਿਲ੍ਹਾ ਹਸਪਤਾਲ ਵਿੱਚੋਂ ਮੁਫ਼ਤ ਲੈ ਸਕਦਾ ਹੈ। ਜਿਸ ਨਾਲ ਮਰੀਜ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਬੱਚਿਆਂ ਦਾ ਟੀਕਾਕਰਨ ਵੀ ਇਸ ਦੇ ਬਚਾਅ ਲਈ ਕੀਤਾ ਜਾਂਦਾ ਹੈ। ਡਾ. ਵਿਕਰਮ ਅਸੀਜਾ ਜਿਲ੍ਹਾ ਐਪੀਡਮੌਲੋਜਿਸਟ ਅਤੇ ਗੁਰਤੇਜ਼ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼੍ਰਸਰ ਨੇ ਦੱਸਿਆ ਕਿ ਹੈਪਾਟਾਈਟਸ ਏ ਅਤੇ ਈ ਤੋਂ ਬਚਣ ਲਈ ਸਾਫ਼ ਸੁਥਰਾ ਪਾਣੀ ਅਤੇ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ਼ ਹੱਥਾਂ ਨਾਲ ਕਰਨੀ ਚਾਹੀਦੀ ਹੈ। ਹੈਪਾਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਸਾਂਝੇ ਦੰਦਾਂ ਦੇ ਬੁਰਸ਼, ਸ਼ੇਵਿੰਗ ਬਲੇਡ, ਟੈਟੂ ਬਨਵਾਉਣ, ਸਾਝੀਆਂ ਟੀਕਿਆਂ ਦੀਆਂ ਸੁਈਆਂ ਵਰਤਣ, ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਖੂਨ ਦੀ ਜਰੂਰਤ ਹੈ ਤਾਂ ਸਿਰਫ਼ ਮੰਨਜੂਰਸੁਦਾ ਬਲੱਡ ਬੈਂਕ ਤੋਂ ਲੈ ਕੇ ਹੀ ਲਗਾਉਣਾ ਚਾਹੀਦਾ ਹੈ। ਇਸ ਸਮੇਂ ਹੈਪਾਟਾਈਟਸ ਸਬੰਧੀ ਪੈਂਫਲਿਟ ਵੀ ਰਲੀਜ ਕੀਤੇ ਗਏ। ਇਸ ਸਮੇਂ ਡਾ ਪਰਮਜੀਤ ਕੌਰ, ਵਿਨੋਦ ਖੁਰਾਣਾ, ਸੁਨੀਤਾ ਨਰਸਿੰਗ ਸਿਸਟਰ ਆਦਿ ਹਾਜ਼ਰ ਸਨ।