ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਬਧਾਈ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਨੂੰ ਕੀਤਾ ਰਵਾਨਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਬਧਾਈ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਨੂੰ ਸ੍ਰ. ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ ਸ਼੍ਰੀ ਮੁਕਤਸਰ ਸਾਹਿਬ ਨੇ ਰਵਾਨਾ ਕੀਤਾ। ਇਸ ਬੱਸ ਵਿੱਚ 40 ਸ਼ਰਧਾਲੂ ਧਾਰਮਿਕ ਸਥਾਨ ਲਈ ਨਤਮਸਤਕ ਹੋਏ ਹਨ। ਇਸ ਮੌਕੇ ਐੱਮ.ਐੱਲ.ਏ ਸ੍ਰ. ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਇਹ ਬੱਸ ਵਾਇਆ ਤਲਵੰਡੀ ਸਾਬੋ ਹੁੰਦੀ ਹੋਈ ਰਾਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗੀ ਅਤੇ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਗਲੇ ਦਿਨ ਪਿੰਡ ਵਾਪਸ ਪਰਤਣਗੇ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਰਨਾਂ ਕਰਕੇ ਕੁੱਝ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਨਹੀਂ ਕਰ ਸਕਦੇ ਸਨ, ਪਰ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਅਜਿਹੇ ਲੋਕ ਆਪਣੇ ਧਾਰਮਿਕ ਸਥਾਨਾਂ ਤੇ ਸ਼ਰਧਾ ਨਾਲ ਦਰਸ਼ਨ ਕਰ ਸਕਣਗੇ। ਇਸ ਮੌਕੇ ਸ਼ਰਧਾਲੂਆਂ ਨੂੰ ਯਾਤਰਾ ਕਿੱਟ ਵੀ ਦਿੱਤੀ ਗਈ। ਇਸ ਮੌਕੇ ਸ਼੍ਰੀ ਹਰਿੰਦਰ ਸਿੰਘ ਬੇਦੀ ਨਾਇਬ ਤਹਿਸੀਲਦਾਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਰਹਿਣ-ਸਹਿਣ ਅਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। Author: Malout Live