ਪਰਾਲੀ ਸਾੜੀ ਤਾਂ ਅਸਲਾ ਲਾਇਸੈਂਸ ਹੋ ਜਾਵੇਗਾ ਰੱਦ- ਜਿਲ੍ਹਾ ਮੈਜਿਸਟ੍ਰੇਟ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਆਈ.ਏ.ਐੱਸ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਹੈ ਜੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਨੇ ਪਰਾਲੀ ਸਾੜੀ ਤਾਂ ਅਜਿਹੇ ਲਾਇਸੈਂਸ ਧਾਰਕ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਮੁੜ ਤੋਂ ਰੀਨਿਊ ਨਹੀਂ ਕੀਤਾ ਜਾਵੇਗਾ। ਜਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਪਰਾਲੀ ਸਾੜਨ ਨਾਲ ਨਾ ਕੇਵਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਇਸ ਨਾਲ ਕਿਸਾਨ ਦੀ ਜਮੀਨ ਦੇ ਉਪਜਾਊ ਤੱਤ ਨਸ਼ਟ ਹੋਣ ਨਾਲ ਜਮੀਨ ਵੀ ਹੌਲੀ ਹੌਲੀ ਬੰਜਰ ਹੋ ਜਾਂਦੀ ਹੈ।
ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ ਦੀ ਵਿਧੀ ਨੂੰ ਅਪਨਾਉਣ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਸਾਡੇ ਕਿਸਾਨਾਂ ਨੂੰ ਹੀ ਹੁੰਦਾ ਹੈ ਕਿਉਂਕਿ ਇਕ ਪਾਸੇ ਇਸ ਨਾਲ ਜਮੀਨ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਦੂਜੇ ਪਾਸੇ ਇਸਦਾ ਧੂੰਆਂ ਸਭ ਤੋਂ ਪਹਿਲਾਂ ਸਾਡੇ ਕਿਸਾਨਾਂ ਦੀ ਸਿਹਤ ਲਈ ਹੀ ਸਿਹਤ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣਦਾ ਹੈ। ਇਸ ਲਈ ਇਸ ਪ੍ਰਥਾ ਨੂੰ ਨਿਰ-ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਸਲਾ ਲਾਇਸੈਂਸ ਧਾਰਕ ਨੇ ਜੇਕਰ ਪਰਾਲੀ ਨੂੰ ਅੱਗ ਲਗਾਈ ਤਾਂ ਉਸਦੇ ਲਾਇਸੈਂਸ ਨੂੰ ਹੀ ਰੱਦ ਕਰ ਦਿੱਤਾ ਜਾਵੇਗਾ ਜਦ ਕਿ ਹੋਰ ਲਾਗੂ ਕਾਨੂੰਨਾਂ ਅਨੁਸਾਰ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। Author: Malout Live