ਉਦਯੋਗਾਂ ਰਾਹੀਂ ਹੁੰਦੇ ਨਹਿਰੀ ਪਾਣੀ ਦਾ ਪ੍ਰਦੂਸ਼ਣ ਰੋਕਣ ਦੀ ਲੋੜ : ਜਾਖੜ

ਚੰਡੀਗੜ੍ਹ : ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਕਿਹਾ ਹੈ ਕਿ ਇੰਡਸਟਰੀਆਂ ਦੇ ਗੰਦੇ ਪਾਣੀ ਰਾਹੀਂ ਨਹਿਰੀ ਪਾਣੀ ਦਾ ਪ੍ਰਦੂਸ਼ਣ ਰੋਕਣਾ ਬਹੁਤ ਜ਼ਰੂਰੀ ਹੈ ਅਤੇ ਇਹ ਸਮੇਂ ਦੀ ਲੋੜ ਹੈ। ਸੀ. ਆਈ. ਆਈ. ਵਿਖੇ ਕਿਸਾਨ ਮਿਲਣੀ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੀ. ਆਈ. ਆਈ. ਦੇ ਪ੍ਰਤੀਨਿਧਾਂ ਨੂੰ ਚਾਹੀਦਾ ਹੈ ਕਿ ਬਜਟ 'ਤੇ ਬਹਿਸ ਸਮੇਂ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਖੇਤੀ ਦੇ ਮੁੱਦੇ ਵੀ ਪ੍ਰਮੁੱਖਤਾ ਨਾਲ ਉਠਾਉਣ। ਖੇਤੀ ਨੀਤੀ ਸਬੰਧੀ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੀਆਂ ਖੇਤੀ ਦੀਆਂ ਸਥਿਤੀਆਂ ਵੱਖੋ-ਵੱਖਰੀਆਂ ਹਨ ਅਤੇ ਇਨ੍ਹਾਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਦੇ ਨਾਲ-ਨਾਲ ਪ੍ਰੰਪਰਾਗਤ ਖੇਤੀ ਰਾਹੀਂ ਵੀ ਖੇਤੀ 'ਚ ਸਥਿਰਤਾ ਲਿਆਂਦੀ ਜਾ ਸਕਦੀ ਹੈ। ਇਸੇ ਕਰਕੇ ਖੇਤੀ ਇਕ ਸਟੇਟ ਦਾ ਵਿਸ਼ਾ ਹੈ।