ਆਖ਼ਰੀ ਦਾਅ
ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।
ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।
ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।
ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।
''ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ 'ਪੈਨੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।
ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ''ਓ ਗੌਡ-ਓ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ 'ਸੌਰੀ-ਸੌਰੀ' ਦੀ ਰਟ ਲਾ ਲਈ।
''ਕੀ ਨਾਂ ਏਂ ਤੇਰਾ, ਯੰਗਮੈਨ?"
''ਰਣਬੀਰ, ਰਣਬੀਰ ਸਿੰਘ!"
''ਲੋਕਲ ਹੀ ਰਹਿੰਨੈਂ?"
''ਹਾਂ ਜੀ!"
''ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।
ਰਣਬੀਰ ਦਾ ਮਨ ਹਲਕਾ ਹੋ ਗਿਆ।
''ਕਿਹੜੀ ਰੋਡ 'ਤੇ ਰਹਿੰਨੈ?"
''ਹਾਈ ਰੋਡ 'ਤੇ, ਇੱਕੀ ਨੰਬਰ 'ਚ!"
''ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"
ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।
''ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।
ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।
ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।
...ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ ...! ਬੱਸ ਇਹੀ ਉਸ ਦਾ 'ਆਖ਼ਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ ...!
ਭਿੰਦਰ ਜਲਾਲਾਬਾਦੀ