District News

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ

ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮਿਊਜ਼ੀਅਮ ਦੇਖਣ ਪਹੁੰਚੇ

 ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਏ ਗਏ ਮੋਬਾਇਲ ਡਿਜੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਹੈ।

ਦੂਸਰੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡਿਜੀਟਲ ਮਿਊਜ਼ੀਅਮ ਵਿੱਚ ਮਲਟੀ ਮੀਡੀਆ ਤਕਨੀਕਾਂ ਜਿਨਾਂ ਵਿੱਚ ਲਾਰਜ ਫਾਰਮੇਟ ਡਿਸਪਲੇਅ (ਐੱਲ.ਐੱਫ਼.ਡੀ), ਰੇਡੀਓ ਫ੍ਰੀਕੁਐਂਸੀ ਐਂਡੰਟੀਫਾਈਡ ਡਿਵਾਈਸ (ਆਰ.ਐੱਫ਼.ਆਈ.ਡੀ) ਹੈੱਡਫੋਨਜ਼, ਇੰਪਰੈਸਿਵ ਸਬਲੀਮੋਸ਼ਨ ਅਤੇ ਵਰਚੁਅਲ ਰਿਆਇਲਟੀ (ਵੀ.ਆਰ.) ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫ਼ੇ ਨੂੰ ਸਮਝਿਆ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ 21 ਜਨਵਰੀ 2020 ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5:00 ਤੱਕ ਖੁੱਲਾ ਰਹੇਗਾ। ਉਨਾਂ ਨੇ ਮਿਊਜ਼ੀਅਮ ਦੇ ਹਾਲੇ ਤੱਕ ਦਰਸ਼ਨ ਨਾ ਕਰ ਸਕਣ ਵਾਲੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤ ਡਿਜੀਟਲ ਮਿਊਜ਼ੀਅਮ ਵਿੱਚ ਸ਼ਮੂਲੀਅਤ ਕਰਨ। ਇਸ ਦਾ ਦਾਖਲਾ ਬਿਲਕੁਲ ਮੁਫ਼ਤ ਹੈ।

ਉਧਰ ਡਿਜੀਟਲ ਮਿਊਜ਼ੀਅਮ ਦੇਖਣ ਲਈ ਲੋਕਾਂ ਵਿੱਚ ਏਨਾ ਉਤਸ਼ਾਹ ਹੈ ਕਿ ਲੋਕ ਸਵੇਰ ਤੋਂ ਹੀ ਇਸ ਨਿਵੇਕਲੇ ਪ੍ਰੋਗਰਾਮ ਨੂੰ ਦੇਖਣ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਪਹੁੰਚ ਗਏ ਸਨ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਤਾਂ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ। ਇਸ ਤੋਂ ਇਲਾਵਾ ਮਿਊਜ਼ੀਅਮ ਨੂੰ ਦੇਖਣ ਲਈ ਹਰ ਉਮਰ ਵਰਗ ਦੇ ਲੋਕ ਆ ਰਹੇ ਹਨ ਅਤੇ ਔਰਤਾਂ ਵਿੱਚ ਵੀ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਹੈ। ਸੀ.ਆਰ.ਐਮ ਡੀ.ਏ.ਵੀ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਇਸ ਡਿਜੀਟਲ ਮਿਊਜ਼ੀਅਮ ਨੂੰ ਦੇਖਣ ਤੋਂ ਬਾਅਦ ਆਪਣੇ ਮਨੋ-ਭਾਵ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਡਿਜੀਟਲ ਮੀਡੀਆ ਰਾਹੀਂ ਦੇਖ ਕੇ ਉਨਾਂ ਦੇ ਮਨ ਉੱਪਰ ਗਹਿਰਾ ਪ੍ਰਭਾਵ ਪਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਦੌਲਤ ਗੁਰੂ ਸਾਹਿਬ ਦੇ ਜੀਵਨ ਬਾਰੇ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਮੌਕਾ ਮਿਲਿਆ ਹੈ ਅਤੇ ਉਨਾਂ ਨੇ ਗੁਰੂ ਸਾਹਿਬ ਦੀਆਂ ਉਦਾਸੀਆਂ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਜਾਣਿਆ ਹੈ। ਉਸ ਨੇ ਕਿਹਾ ਕਿ ਸਾਡੀ ਪੀੜੀ ਲਈ ਇਹ ਉਪਰਾਲਾ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ। ਸ਼ੋਅ ਦੇਖਣ ਤੋਂ ਬਾਅਦ ਹਰ ਕਿਸੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸ਼ੋਅ ਨੂੰ ਜਰੂਰ ਦੇਖਣ।

Leave a Reply

Your email address will not be published. Required fields are marked *

Back to top button