ਪੰਜਾਬ ਖੇਤ ਮਜ਼ਦੂਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 24 ਅਗਸਤ ਨੂੰ ਡੀ.ਸੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਅੱਗੇ ਮੋਰਚਾ ਲਗਾਉਣ ਦੀਆਂ ਤਿਆਰੀਆਂ
ਮਲੋਟ:- ਮੁੱਖ ਮੰਤਰੀ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਪ੍ਰਸ਼ਾਸ਼ਨ ਵੱਲੋਂ ਟਾਲਾ ਵੱਟਣ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 24 ਅਗਸਤ ਤੋਂ ਡਿਪਟੀ ਕਮਿਸ਼ਨਰ ਦਫਤਰ ਸ਼੍ਰੀ ਮੁਕਤਸਰ ਸਾਹਿਬ ਅੱਗੇ ਲਾਏ ਜਾਣ ਵਾਲੇ ਮੋਰਚੇ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਜਾਣਕਾਰੀ ਜੱਥੇਬੰਦੀਆਂ ਦੇ ਜ਼ਿਲ੍ਹਾ ਆਗੂਆਂ ਦੀ ਮਲੋਟ ਦਾਣਾ ਮੰਡੀ ਵਿਖੇ ਹੋਈ ਸਾਂਝੀ ਮੀਟਿੰਗ ਤੋਂ ਬਾਅਦ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਵੱਲੋਂ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਤੇ ਬੀ.ਕੇ.ਯੂ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲਾਰੇ ਲਾਉਣ ਦੀ ਨੀਤੀ ਤੇ ਚੱਲ ਰਹੀ ਹੈ। ਜ਼ਿਲ੍ਹਾ ਕਿਸਾਨ ਆਗੂ ਹਰਬੰਸ ਸਿੰਘ ਕੋਟਲੀ ਤੇ ਖੇਤ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ 24 ਅਗਸਤ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਏ ਜਾ ਰਹੇ ਮੋਰਚੇ ਦੌਰਾਨ ਇਸ ਸਾਲ ਮੀਹਾਂ ਕਾਰਨ ਖਰਾਬ ਹੋਈਆਂ ਫਸਲਾਂ ਤੇ ਨੁਕਸਾਨੇ ਮਕਾਨਾਂ ਦਾ ਮਜ਼ਦੂਰਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ, ਮਨਰੇਗਾ ਤਹਿਤ ਮਜ਼ਦੂਰਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਤੇ ਆਟਾ ਦਾਲ ਸਕੀਮ 'ਚ ਕੀਤੀ ਕਟੌਤੀ ਵਾਪਿਸ ਲੈਣ ਤੇ ਡਰੇਨਜ਼ ਵਿਭਾਗ ਦਾ ਗਿੱਦੜਬਾਹਾ ਸਥਿਤ ਦਫ਼ਤਰ ਨੂੰ ਬਦਲ ਕੇ ਫਿਰੋਜ਼ਪੁਰ ਲਿਜਾਣ ਦਾ ਫੈਸਲਾ ਰੱਦ ਕਰਨ ਵਰਗੀਆਂ ਮੰਗਾਂ ਵੀ ਇਸ ਮੋਰਚੇ ਦੌਰਾਨ ਪ੍ਰਮੁੱਖਤਾ ਨਾਲ ਉਠਾਈਆਂ ਜਾਣਗੀਆਂ। ਮੀਟਿੰਗ ਦੌਰਾਨ ਮਜ਼ਦੂਰ ਆਗੂ ਬਾਜ ਸਿੰਘ ਭੁੱਟੀਵਾਲਾ, ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ ਤੋਂ ਇਲਾਵਾ ਕਿਸਾਨ ਆਗੂ ਭੁਪਿੰਦਰ ਸਿੰਘ ਚੰਨੂੰ, ਬੋਹੜ ਸਿੰਘ ਮਲੋਟ, ਰਾਜਾ ਸਿੰਘ ਮਹਾਂਬੱਧਰ ਤੇ ਕੁਲਦੀਪ ਸਿੰਘ ਕਰਮਗੜ੍ਹ ਆਦਿ ਆਗੂ ਮੌਜੂਦ ਸਨ। Author: Malout Live