ਮੁੰਬਈ 'ਚ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਪੁਲਸ ਨਾਲ ਹੋਈ ਹਾਤਾਪਾਈ
ਮੁੰਬਈ:- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਹੋਈ ਹਿੰਸਾ ਵਿਰੁੱਧ ਮੁੰਬਈ 'ਚ ਵਿਦਿਆਰਥੀਆਂ ਦਾ ਵਿਰੋਧ ਹੁਣ ਹੋਰ ਤੇਜ਼ ਹੋ ਗਿਆ ਹੈ। ਗੇਟਵੇਅ ਆਫ ਇੰਡੀਆ 'ਤੇ ਵੱਡੀ ਗਿਣਤੀ 'ਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਹੱਥਾਂ 'ਚ ਪੋਸਟਰ ਹਨ। ਇਸ ਵਿਚ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਤਿੱਖੀ ਝੜਪ ਵੀ ਹੋਈ। ਇਸ ਦੇ ਬਾਅਦ ਤੋਂ ਪੁਲਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਗੱਡੀਆਂ 'ਚ ਭਰ ਕੇ ਉਨ੍ਹਾਂ ਨੂੰ ਇੱਥੋਂ ਆਜ਼ਾਦ ਮੈਦਾਨ ਲਈ ਭੇਜਿਆ ਹੈ। ਇਸ ਤੋਂ ਬਾਅਦ ਵਿਦਿਆਰਥੀ ਹੋਰ ਭੜਕ ਗਏ ਹਨ। ਫਿਲਹਾਲ ਮੌਕੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ। ਦੱਸਣਯੋਗ ਹੈ ਕਿ ਜੇ.ਐੱਨ.ਯੂ. 'ਚ ਵਿਦਿਆਰਥੀਆਂ 'ਤੇ ਹੋਏ ਹਿੰਸਕ ਹਮਲੇ ਵਿਰੁੱਧ ਮੁੰਬਈ 'ਚ ਵੀ ਵਿਦਿਆਰਥੀ ਸੜਕ 'ਤੇ ਉਤਰ ਆਏ ਹਨ। ਗੇਟਵੇਅ ਆਫ ਇੰਡੀਆ 'ਤੇ ਵਿਦਿਆਰਥੀਆਂ ਦੇ ਸਖਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਹੁਣ ਉਨ੍ਹਾਂ ਨੂੰ ਉੱਥੋਂ ਹਟਾ ਕੇ ਆਜ਼ਾਦ ਮੈਦਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵੀ ਵਿਦਿਆਰਥੀਆਂ 'ਚ ਗੁੱਸਾ ਹੈ ਅਤੇ ਉਹ ਪੁਲਸੀਆ ਕਾਰਵਾਈ ਵਿਰੁੱਧ ਵੀ ਨਾਅਰੇ ਲਗਾ ਰਹੇ ਹਨ। ਇਸ ਤੋਂ ਪਹਿਲਾਂ ਗੇਟਵੇਅ ਆਫ ਇੰਡੀਆ 'ਤੇ ਇਕ ਵਿਦਿਆਰਥਣ ਦੇ ਹੱਥ 'ਚ 'ਫ੍ਰੀ ਕਸ਼ਮੀਰ' ਦੇ ਪੋਸਟਰ ਨਾਲ ਸੋਸ਼ਲ ਮੀਡੀਆ 'ਤੇ ਸਿਆਸੀ ਘਮਾਸਾਨ ਮਚ ਗਿਆ। ਇਸ ਪੋਸਟਰ ਦੀ ਨਾ ਸਿਰਫ਼ ਭਾਜਪਾ, ਸਗੋਂ ਕਾਂਗਰਸ ਦੇ ਨੇਤਾਵਾਂ ਨੇ ਵੀ ਜੰਮ ਕੇ ਆਲੋਚਨਾ ਕੀਤੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਊਧਵ ਸਰਕਾਰ ਨੂੰ ਲੰਮੀਂ ਹੱਥੀਂ ਲਿਆ ਤਾਂ ਕਾਂਗਰਸ ਨੇਤਾ ਸੰਜੇ ਨਿਰੂਪਮ ਨੇ ਵੀ ਸਵਾਲ ਕੀਤੇ। ਦੂਜੇ ਪਾਸੇ ਡੀ.ਸੀ.ਪੀ. (ਜੋਨ 1) ਸੰਗ੍ਰਾਮ ਸਿੰਘ ਨਿਸ਼ਾਨਦਾਰ ਨੇ ਕਿਹਾ ਕਿ ਇਸ ਮਾਮਲੇ (ਫ੍ਰੀ ਕਸ਼ਮੀਰ ਪੋਸਟਰ) ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਸ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।