ਮਰੇ ਪਸ਼ੂਆਂ ਨੂੰ ਸਾਂਭਣ ਲਈ ਜ਼ਿਲ੍ਹੇ ‘ਚ ਇੱਕ ਵੀ ਹੱਡਾ ਰੋੜੀ ਨਹੀਂ, ਹੋਰ ਗੰਭੀਰ ਬਿਮਾਰੀ ਫੈਲਣ ਦਾ ਖਦਸ਼ਾ- ਡਾ. ਗਿੱਲ

ਮਲੋਟ:- ਮਲੋਟ ਇਲਾਕੇ ਦੀ ਸਿਰਮੌਰ ਸੰਸਥਾ ਚੜਦੀਕਲਾ ਸਮਾਜ ਸੇਵੀ ਸੰਸਥਾ ਮਲੋਟ ਦੀ ਮੀਟਿੰਗ ਸਮਾਜ ਸੇਵੀ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਈ। ਜਿਸ ਵਿੱਟ ਦਿਨੋਂ-ਦਿਨ ਪਸ਼ੂਆਂ ਨੂੰ ਫੈਲ ਰਹੀ ਲੰਪੀ ਚਮੜੀ ਦੇ ਰੋਗ ‘ਤੇ ਗੰਭੀਰ ਚਰਚਾ ਕੀਤੀ ਗਈ। ਇਸ ਦੌਰਾਨ ਜ਼ਿਲਾ ਕੋਆਰਡੀਨੇਟਰ ਅਤੇ ਮਲੋਟ ਵਿਕਾਸ ਮੰਚ ਦੇ ਪ੍ਰਧਾਨ ਡਾਕਟਰ ਗਿੱਲ ਨੇ ਕਿਹਾ ਕਿ ਪਸ਼ੂਆਂ ‘ਚ ਫੈਲੀ ਲੰਪੀ ਚਮੜੀ ਦੀ ਬਿਮਾਰੀ ਜਿੱਥੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉੱਥੇ ਇਸ ਬਿਮਾਰੀ ਨਾਲ ਜਿਹੜੇ ਪਸ਼ੂ ਮਰ ਰਹੇ ਹਨ, ਉਹ ਵੀ ਇੱਕ ਬਹੁਤ ਵੱਡੀ ਚਿੰਤਾ ਹੈ। ਕਿਉਂਕਿ ਇਤਿਹਾਸਿਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਤਿੰਨੇ ਤਹਿਸੀਲਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿੱਚ ਇੱਕ ਵੀ ਹੱਡਾ ਰੋੜੀ ਨਹੀਂ ਹੈ।

ਜਿਸ ਕਰਕੇ ਮਰੇ ਪਸ਼ੂਆਂ ਨੂੰ ਸਾਂਭਣਾ ਬਹੁਤ ਮੁਸ਼ਕਿਲ ਹੋ ਗਿਆ ਅਤੇ ਜਿਸ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਡਾ. ਗਿੱਲ ਨੇ ਕਿਹਾ ਕਿ ਇਹਨਾਂ ਮਰੇ ਪਸ਼ੂਆਂ ਨੂੰ ਟੋਏ ਹੇਠਾਂ ਦਬਣ ਲਈ ਵੀ ਕੋਈ ਥਾਂ ਨਹੀਂ ਹੈ। ਇਸ ਮੌਕੇ ਡਾ. ਗਿੱਲ ਸਮੇਤ ਪ੍ਰਧਾਨ ਸਵਰਨ ਸਿੰਘ, ਮਹਿਮਾ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ, ਦੇਸ ਰਾਜ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ ਨੱਡਾ, ਮਹਿਮਾ ਸਿੰਘ ਕੱਟਿਆਂਵਾਲੀ, ਕੁਲਜੀਤ ਸਿੰਘ ਆਦਿ ਸਮਾਜ ਸੇਵੀਆਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੋਂ ਮੰਗ ਕੀਤੀ ਕਿ ਹਰੇਕ ਤਹਿਸੀਲ ਵਿੱਚ ਇੱਕ ਹੱਡਾ ਰੋੜੀ ਬਣਾਈ ਜਾਵੇ ਤਾਂ ਜੋ ਵੱਡੀ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਵੇ। Author: Malout Live