ਸਿਹਤ ਵਿਭਾਗ ਵੱਲੋ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਸੰਬੰਧੀ ਮਨਾਇਆ ਗਿਆ ਮੋਪਅੱਪ ਦਿਵਸ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਿਤੀ 05 ਫਰਵਰੀ 2024 ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਮਨਾਇਆ ਗਿਆ ਸੀ। ਜਿਸ ਵਿੱਚ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ ਸਨ। ਜਿਹੜੇ ਬੱਚੇ ਉਸ ਦਿਨ ਇਹ ਗੋਲੀਆਂ ਖਾਣ ਤੋਂ ਵਾਝੇ ਰਹਿ ਗਏ ਸਨ ਉਨ੍ਹਾਂ ਬੱਚਿਆਂ ਦੀ ਪਛਾਣ ਕਰਕੇ ਅੱਜ ਮੋਪ ਅੱਪ ਦਿਵਸ ਤੇ ਬੱਚਿਆਂ ਨੂੰ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ, ਜਿਸ ਸੰਬੰਧ ਵਿੱਚ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਸਰਕਾਰੀ ਮਿਡਲ ਸਕੂਲ ਕਨਾਲ ਕਲੋਨੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਾ ਕੇ ਗੋਲੀਆਂ ਖਾਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਐਲਬਿੰਡਾਜੋਲ ਗੋਲੀਆਂ ਖਵਾਈਆਂ।
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਇਸ ਦਿਨ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਪੋਲੀਟੈਕਨਿਕ ਕਾਲਜ, ਆਈਲੈਟਸ ਸੈਂਟਰ ਅਤੇ ਆਂਗਣਵਾੜੀ ਸੈਂਟਰਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋਂ 19 ਸਾਲ ਤੱਕ ਦੇ ਲਗਭੱਗ 233225 ਬੱਚਿਆਂ ਨੂੰ ਐਲਬਿੰਡਾਜੋਲ ਦੀਆਂ ਗੋਲੀਆਂ (ਚਬਾ ਕੇ ਖਾਣ ਵਾਲੀ ਗੋਲੀ) ਖਵਾਈਆਂ ਜਾਣੀਆਂ ਸਨ ਪਰ ਉਸ ਦਿਨ 189872 ਬੱਚਿਆਂ ਨੂੰ ਇਹ ਗੋਲੀਆਂ ਖਵਾਈਆਂ ਗਈਆਂ ਸਨ, ਬਾਕੀ ਰਹਿੰਦੇ ਬੱਚਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਮੋਪ ਅੱਪ ਦਿਵਸ ਤੇ ਬੱਚਿਆਂ ਨੂੰ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ ਹਨ। ਇਸ ਮੌਕੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਤਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਲੈਟਰੀਨ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਸਰਕਾਰ ਵੱਲੋਂ ਹਰ ਸਾਲ ਵਿੱਚ ਦੋ ਵਾਰ (ਛੇ ਮਹੀਨਿਆਂ ਦੇ ਫਰਕ ਨਾਲ) ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਜਾਂ ਲੀਕਵਡ ਨਾਲ ਧੋਣੇ ਚਾਹੀਦੇ ਹਨ, ਖੁੱਲ੍ਹੇ ਵਿੱਚ ਪਾਖਾਨਾ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਸਰਕਾਰੀ ਮਿਡਲ ਸਕੂਲ ਕਨਾਲ ਕਲੋਨੀ ਸ਼੍ਰੀ ਮੁਕਤਸਰ ਸਾਹਿਬ ਦਾ ਸਟਾਫ ਅਤੇ ਬੱਚੇ ਹਾਜ਼ਿਰ ਸੀ। Author: Malout Live