Mini Stories

ਅਰਥ

ਮਘਦੀ ਦੁਪਿਹਰੇ ਚਿੰਤ ਕੌਰ ਵਿਹੜੇ ਵਿਚ ਪਏ ‘ਚੱਕਵੇਂ ਚੁੱਲ੍ਹੇ’ ਨੂੰ ਤਪਾਉਣ ਲਈ ਲੱਕੜਾਂ ਡਾਹ ਕੇ ਫ਼ੂਕਾਂ ਮਾਰ ਰਹੀ ਸੀ। ਫ਼ੂਕਾਂ ਮਾਰਮਾਰ ਉਸ ਦਾ ਮਗਜ਼ ਖੋਖਲਾ ਹੋ ਗਿਆ ਸੀ ਅਤੇ ਬਿਰਧ ਬਲਹੀਣ ਸਰੀਰ ਦੀ ਸੱਤਿਆ ਸੂਤੀ ਗਈ ਸੀ। ਕਦੇ ਉਹ ਚੁੱਲ੍ਹੇ ਵਿਚਕਾਗਜ਼ ਡਾਹੁੰਦੀ ਅਤੇ ਕਦੇ ਛਿਟੀਆਂ ਡਾਹ ਕੇ ਫ਼ੂਕਾਂ ਮਾਰਨ ਲੱਗਦੀ। ਪਰ ਜ਼ਿੱਦੀ ਅੱਗ ਬਲਣ ‘ਤੇ ਨਹੀਂ ਆ ਰਹੀ ਸੀ। ਫ਼ੂਕਾਂ ਮਾਰਮਾਰ ਕੇ ਚਿੰਤ ਕੌਰ ਅੱਕਲਕਾਨ ਹੋਈ ਪਈ ਸੀ। ਸਲ੍ਹਾਬੀਆਂ ਲੱਕੜਾਂ ਦੇ ਕੌੜੇ ਧੂੰਏਂ ਕਾਰਨ ਉਸ ਦੀਆਂ ਜੋਤਹੀਣ ਅੱਖਾਂ ‘ਚੋਂ ਪਾਣੀਪਰਨਾਲੇ ਵਾਂਗ ਵਗ ਰਿਹਾ ਸੀ। ਸਿਰ ਦੀਆਂ ਪੁੜਪੁੜੀਆਂ ਵੀ ‘ਟੱਸ-ਟੱਸ’ ਕਰਨ ਲੱਗ ਪਈਆਂ ਸਨ। ਅਜੇ ਉਹ ਪਿਛਲੇ ਹਫ਼ਤੇ ਹੀਅੱਖਾਂ ਦੇ ਲੱਗੇ ‘ਮੁਫ਼ਤ ਕੈਂਪ’ ‘ਚੋਂ ਅੱਖਾਂ ਬਣਵਾ ਕੇ ਆਈ ਸੀ। ਉਸ ਦੇ ਨੂੰਹ-ਪੁੱਤ ਤਾਂ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ ਸਨ।ਉਹਨਾਂ ਦੇ ਭਾਅ ਦਾ ਤਾਂ ਬੁੱਢੀ ਉਹਨਾਂ ਨੂੰ ਇਕ ਤਰ੍ਹਾਂ ਨਾਲ ‘ਦੱਦ’ ਲੱਗੀ ਹੋਈ ਸੀ ਅਤੇ ਉਹ ਉਸ ਤੋਂ ‘ਛੁੱਟਕਾਰੇ’ ਲਈ ਰੱਬ ਅੱਗੇ ਹੱਥ ਵੀ ਜੋੜਦੇ! ਅੱਧੋਰਾਣੇ ਸਰੀਰ ਵਾਲੀ ਚਿੰਤ ਕੌਰ ਮੰਜੇ’ਤੇ ਬੈਠੀ ਹੀ ਚੂਕੀ ਜਾਂਦੀ। ਨਾਂ ਤਾਂ ਉਸ ਨੂੰ ਕੋਈ ਪਾਣੀ ਦਾ ਗਿਲਾਸ ਦਿੰਦਾ ਅਤੇ ਨਾ ਹੀ ਕੋਈ ਦੁਆਈ ਬੂਟੀ! ਇਹ ਤਾਂ ਚਿੰਤ ਕੌਰ ਦੇ ਚੰਗੇ ਕਰਮਾਂ ਨੂੰ ਉਹਨਾਂ ਦੇ ਪਿੰਡ ਅੱਖਾਂ ਦਾ ‘ਮੁਫ਼ਤਕੈਂਪ’ ਆ ਲੱਗਿਆ ਸੀ ਅਤੇ ਚਿੰਤ ਕੌਰ ਦੀਆਂ ਅੱਖਾਂ ਬਣ ਗਈਆਂ ਸਨ। ਉਸ ਨੂੰ ਗੁਜ਼ਾਰੇ ਜੋਕਰਾ ਦਿਸਣ ਲੱਗ ਪਿਆ ਸੀ। “ਨੀ ਕੀ ਕਰਦੀ ਐਂ ਚਿੰਤੀਏ..?” ਬਾਹਰੋਂ ਪਾਲ ਕੌਰ ਨੇ ਆ ਕੇ ਬੁਰੇ ਹਾਲੀਂ ਹੋਈ ਚਿੰਤ ਕੌਰ ਨੂੰ ਪੁੱਛਿਆ।
“ਆਪਦੇ ਜਣਦਿਆਂ ਨੂੰ ਰੋਨੀ ਆਂ ਪਾਲੋ ਤੇ ਜਾਂ ਰੋਨੀ ਆਂ ਆਪਦੇ ਮਾੜੇ ਕਰਮਾਂ ਨੂੰ..!”  ਚਿੰਤੀ ਨੇ ਧੁਖ਼ਦੀ ਚਿਤਾ ਵਾਂਗ ਹਾਉਕਾ ਲਿਆ।
“ਤੈਨੂੰ ਤਾਂ ਡਾਕਦਾਰ ਨੇ ਘਰ ਦੇ ਕੰਮ ਕਾਰ ਤੋਂ ਵਰਜਿਆ ਸੀ ਤੇ ਤੂੰ ਚੁੱਲ੍ਹੇ ਵਿਚ ਫ਼ੂਕਾਂ ਮਾਰਨ ਲੱਗ ਪਈ..? ਅੱਖਾਂ ਫ਼ੇਰ ਗੁਆ ਲਵੇਂਗੀ..!”
“ਮੈਂ ਰੋਟੀ ਖਾ ਕੇ ਦੁਆਈ ਲੈਣੀ ਐਂ, ਡਾਕਦਾਰ ਨੇ ਕਿਹਾ ਸੀ ਨਿਰਣੇ ਕਾਲਜੇ ਦੁਆਈ ਨੀ ਲੈਣੀ..!”
“ਤੂੰ ਗੈਸ ਚਲਾ ਲੈਣਾਂ ਸੀ..! ਉਹ ਕਾਹਦੇ ਵਾਸਤੇ ਲਿਆ ਕੇ ਰੱਖਿਐ..?”
“ਉਹ ਅੱਗ ਲੱਗੜਾ ਮੈਨੂੰ ਜਗਾਉਣਾ ਨੀ ਆਉਂਦਾ, ਕਿਹੜਾ ਇਕ ਸਿਆਪੈ..?”
“ਚੁੱਲ੍ਹੇ ‘ਚ ਫ਼ੂਕਾਂ ਮਾਰ ਕੇ ਤਾਂ ਤੂੰ ਆਪਦੀ ਨਿਗਾਹ ਫ਼ੇਰ ਖਰਾਬ ਕਰ ਲੈਣੀ ਐਂ..!” 
“ਕੀ ਕਰਾਂ..? ਢਿੱਡ ਤਾਂ ਝੁਲਸਣਾ ਈ ਪੈਣੈਂ..! ਫ਼ੂਕਾਂ ਮਾਰ ਮਾਰ ਮੇਰੀਆਂ ਤਾਂ ਭੈਣੇ ਉੱਲਾਂ ਵੱਜਣ ਲੱਗ ਪਈਆਂ..! ਪਤਾ ਨੀ ਰੁੜ ਜਾਣਾਂ ਰੱਬ ਮੈਨੂੰ ਚੱਕਦਾ ਕਿਉਂ ਨੀ..?” 
“ਤੇ ਤੇਰੇ ਨੂੰਹ ਪੁੱਤ ਕਿੱਥੇ ਗਏ ਐ..?”
“ਉਹ ਅੱਜ ਸ਼ਹਿਰ ਮਾਂ-ਦਿਵਸ ਮਨਾਉਣ ਗਏ ਐ..!” ਢਿੱਡੋਂ ਭੁੱਖੀ ਅਤੇ ਦੁਆਈ ਖੁਣੋਂ ਲਾਚਾਰ, ਚੁੱਲ੍ਹੇ ‘ਚ ਫ਼ੂਕਾਂ ਮਾਰਦੀ ਚਿੰਤੀ ਨੂੰ ਦੇਖ, ਪਾਲੋ ਨੂੰ ‘ਮਾਂ-ਦਿਵਸ’ ਬਾਰੇ ਸਮਝ ਨਹੀਂ ਆ ਰਹੀ ਸੀ। ਉਸ ਦਾ ਦਿਮਾਗ ‘ਮਾਂ-ਦਿਵਸ’ ਦੇ ਅਰਥ ਲੱਭਣਦੀ ਘੋੜ-ਦੌੜ ਵਿਚ ਰੋਹੀਏਂ ਚੜ੍ਹਿਆ ਹੋਇਆ ਸੀ! ਚਿੰਤ ਕੌਰ ਅਜੇ ਵੀ ਫ਼ੂਕਾਂ ਮਾਰ ਕੇ ਅੱਗ ਬਾਲਣ ਦੀ ਕੋਸ਼ਿਸ਼ ਵਿਚ ਸੀ।

Leave a Reply

Your email address will not be published. Required fields are marked *

Back to top button