ਅੰਮ੍ਰਿਤਸਰ ‘ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ :- ਜ਼ਿਲ੍ਹੇ ਦੇ ਬਾਬਾ ਬਕਾਲਾ ਦੇ ਸਬ-ਡਵੀਜ਼ਨ ਦੇ ਅਧੀਨ ਪੈਂਦੇ ਕਸਬਾ ਬੁਤਾਲਾ ਦੇ ਨੇੜਲੇ ਪਿੰਡ ਕੰਮੋਕੇ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਸਰਪੰਚ ਦੇ ਹੀ ਪਿੰਡ ਦੇ ਲਖਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ । ਜ਼ਖਮੀ ਹਾਲਾਤ ਵਿੱਚ ਮਨਮੋਹਨ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਪੁਲਿਸ ਨੇ ਇਸ ਮਾਮਲੇ ਵਿੱਚ ਲਖਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਲਖਵਿੰਦਰ ਇਸ ਮਾਮਲੇ ਵਿੱਚ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ।ਦਰਅਸਲ, ਦੋਵਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਐਨਡੀਪੀਐਸ ਮਾਮਲਿਆਂ ਵਿੱਚ ਨਾਮਜ਼ਦ ਸੀ । ਪੁਲਿਸ ਨੇ ਦੱਸਿਆ ਕਿ ਐਨਡੀਪੀਐਸ ਕੇਸਾਂ ਵਿੱਚ ਲਖਵਿੰਦਰ ਦੀ ਪ੍ਰਾਪਰਟੀ ਵੀ ਜੋੜੀ ਗਈ ਸੀ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਾਬਕਾ ਸਰਪੰਚ ਮਨਮੋਹਨ ਸਿੰਘ ਵੀਰਵਾਰ ਸਵੇਰੇ ਆਪਣੀ ਭਰਜਾਈ ਕੁਲਦੀਪ ਕੌਰ ਨਾਲ ਬਾਬਾ ਬਕਾਲਾ ਵਿੱਚ ਕਿਸੇ ਕੇਸ ਦੀ ਤਾਰੀਖ ਸਬੰਧੀ ਕੋਰਟ ਵਿੱਚ ਜਾ ਰਿਹਾ ਸੀ । ਜਦੋਂ ਉਹ ਕਸਬਾ ਬੁਤਾਲਾ ਦੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਮਨਮੋਹਨ ਸਿੰਘ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬਕਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।