ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਨੂੰ ਨੇਪਰੇ ਚੜਾਉਣ ਲਈ ਤਾਲਮੇਲ ਕਮੇਟੀਆਂ ਦਾ ਗਠਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਿਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਸੰਬੰਧੀ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਘੀ ਦਾ ਮੇਲਾ ਇੱਕ ਪਵਿੱਤਰ ਮੇਲਾ ਹੈ ਅਤੇ ਇਸ ਮੇਲੇ ਨੂੰ ਸਫ਼ਲ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਮਾਘੀ ਦੇ ਮੇਲੇ ਦੌਰਾਨ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਜਾਵੇ ਅਤੇ ਹਰ ਸੈਕਟਰ ਵਿੱਚ ਨੋਡਲ ਅਫ਼ਸਰ ਲਗਾਇਆ ਜਾਵੇਗਾ। ਇਹਨਾਂ ਸੈਕਟਰਾਂ ਵਿੱਚ ਡਿਊਟੀ ਮੈਜਿਸਟ੍ਰੇਟ, ਮੈਡੀਕਲ ਟੀਮ ਅਤੇ ਪੁਲਿਸ ਦੀਆਂ ਟੀਮਾਂ ਸੰਗਤਾਂ ਦੀ ਸਹੂਲਤ ਲਈ ਲਗਾਈਆਂ ਜਾਣਗੀਆਂ। ਉਹਨਾਂ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ ਸ਼ਹਿਰ ਦੀ ਸਮੁੱਚੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਛੱਡਣ ਲਈ ਢੁੱਕਵੇਂ ਉਪਰਾਲੇ ਕੀਤੇ ਜਾਣ। ਮੀਟਿੰਗ ਦੌਰਾਨ ਉਹਨਾਂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹਦਾਇਤ ਕੀਤੀ ਕਿ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉੱਪਰ ਚੁੱਕੀਆਂ ਜਾਣ ਅਤੇ ਬਿਜਲੀ ਦੀ ਸਪਾਰਕਿੰਗ ਨੂੰ ਰੋਕਣ ਲਈ ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਚੈਕ ਕੀਤੇ ਜਾਣ।                                    

ਮੇਲੇ ਦੌਰਾਨ ਸਿਹਤ ਸਹੂਲਤਾਂ ਅਤੇ ਸੈਂਪਲਿੰਗ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ, ਆਰਜੀ ਪਖਾਨਿਆਂ ਦਾ ਪ੍ਰਬੰਧ ਜਨ ਸਿਹਤ ਵਿਭਾਗ ਵੱਲੋਂ ਕੀਤਾ ਜਾਵੇਗਾ। ਆਰਜੀ ਬੱਸ ਸਟੈਂਡ ਅਤੇ ਰਿਕਵਰੀ ਵੈਨਾਂ ਦਾ ਪ੍ਰਬੰਧ ਪੰਜਾਬ ਰੋਡਵੇਜ਼ ਵੱਲੋਂ ਕੀਤਾ ਜਾਵੇਗਾ। ਪੀਣ ਵਾਲੇ ਸਾਫ਼ ਸੁਥੇਰੇ ਪਾਣੀ ਦਾ ਪ੍ਰਬੰਧ ਮੰਡੀ ਬੋਰਡ ਅਤੇ ਵਾਟਰ ਸਪਲਾਈ ਵਿਭਾਗ ਵੱਲੋਂ ਕੀਤਾ ਜਾਵੇਗਾ। ਉਹਨਾਂ ਜਨ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸੀਵਰੇਜ ਦੀ ਸਮੱਸਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਪੇਸ਼ ਨਾ ਆਵੇ। ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਸਾਫ਼ ਸਫ਼ਾਈ ਕੀਤੀ ਜਾਵੇ ਅਤੇ ਸਜਾਵਟੀ ਲੜੀਆਂ ਨਾਲ ਸਜਾਇਆ ਜਾਵੇ। ਉਹਨਾਂ ਬੀ.ਐਂਡ ਆਰ (ਸੜਕਾਂ) ਅਤੇ ਨਗਰ ਕੌਂਸਲ ਨੂੰ ਹਦਾਇਤ ਕੀਤੀ ਕਿ ਸ਼੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਵਿੰਦਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਸ਼੍ਰੀ ਕੰਵਰਜੀਤ ਸਿੰਘ ਐੱਸ.ਡੀ.ਐਮ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। Author: Malout Live