ਕੰਟਰੋਲ ਰੇਟ ਤੇ ਹੀ ਵੇਚੀਆਂ ਜਾਣ ਖਾਣ ਪੀਣ ਵਾਲੀਆਂ ਵਸਤੂਆਂ, ਸ਼ਿਕਾਇਤ ਹੋਣ ਤੇ ਵਿੱਢੀ ਜਾਵੇਗੀ ਸਖਤ ਕਾਰਵਾਈ

ਸ੍ਰੀ ਮੁਕਤਸਰ ਸਾਹਿਬ:-  ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਕੁਝ ਦੁਕਾਨਦਾਰਾਂ ਵੱਲੋਂ ਮਹਿੰਗੇ ਭਾਅ ਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧੀ ਮਹਿੰਗੇ ਭਾਅ ਤੇ ਅਜਿਹੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਗਾਇਆਂ ਗਈਆਂ ਹਨ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਦੀਵਾਨ ਚੰਦ ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ ਦੀ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿੱਰੁੱਧ ਸਖਤ ਕਾਰਵਾਈ ਅਰੰਭੀ ਜਾਵੇਗੀ । ਉਹਨਾਂ ਦੱਸਿਆ ਕਿ ਇਸ ਸਬੰਧੀ ਇੱਕ ਮੀਟਿੰਗ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਅਤੇ ਹੋਰ ਦੁਕਾਨਦਾਰਾਂ ਨਾਲ ਕੀਤੀ ਗਈ ਜਿਸ ਵਿੱਚ ਇਸ ਮੁੱਦੇ ਉਪਰ ਵਿਸਥਾਰ ਨਾਲ ਚਰਚਾ ਕੀਤੀ ਗਈ । ਉੱਨਾਂ ਦੱਸਿਆ ਕਿ ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਸ ਸਬੰਧੀ ਜਨਤਾ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । 7 ਈ. ਸੀ (ਅਸੈਂਸ਼ਿਅਲ ਕੱਾਮੌਡਿਟੀ) ਐਕਟ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ ਨਿਰਧਾਰਤ ਮਾਤਰਾ ਤੋਂ ਵੱਧ ਖਾਣ ਪੀਣ ਵਾਲੀ ਵਸਤੂ ਆਪਣੀ ਦੁਕਾਨ ਵਿੱਚ ਸਟੋਰ ਨਹੀਂ ਕਰ ਸਕਦਾ ਅਤੇ ਕੰਟਰੋਲ ਰੇਟ ਤੋਂ ਵੱਧ ਤੇ ਅਜਿਹਿਆਂ ਵਸਤੂਆਂ ਨੂੰ ਨਹੀਂ ਵੇਚ ਸਕਦਾ । ਜੇਕਰ ਬਲੈਕ ਮਾਰਕਿਟਿੰਗ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਇਸ ਐਕਟ ਤਹਿਤ ਸਖਤ ਕਾਰਵਾਈ ਅਰੰਭੀ ਜਾਵੇਗੀ ।