ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦਾ ਹੋਇਆ ਗਠਨ, ਸੀਨੀਅਰ ਪੱਤਰਕਾਰ ਵਿਕਾਸ ਗੁਪਤਾ ਬਣੇ ਪ੍ਰਧਾਨ
ਕਾਫ਼ੀ ਸਮੇਂ ਦੀ ਚਾਰਾਜੋਈ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਮਲੋਟ ਦੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਵਿਕਾਸ ਗੁਪਤਾ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰੇ ਦੇ ਸਰਗਰਮ ਮੈਂਬਰਾਂ ਨੂੰ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਮਲੋਟ : ਕਾਫ਼ੀ ਸਮੇਂ ਦੀ ਚਾਰਾਜੋਈ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਮਲੋਟ ਦੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਵਿਕਾਸ ਗੁਪਤਾ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰੇ ਦੇ ਸਰਗਰਮ ਮੈਂਬਰਾਂ ਨੂੰ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਲੱਬ ਦੇ ਗਠਨ ਉਪਰੰਤ ਸਮੂਹ ਅਹੁਦੇਦਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਿਜਦਾ ਕੀਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਫੁੱਲ ਅਰਪਣ ਕੀਤੇ ਗਏ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਪੱਤਰਕਾਰ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕਰਨਾ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਸੰਬੰਧਿਤ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾਉਣਾ ਕਲੱਬ ਦੀ ਮੁੱਖ ਤਰਜੀਹ ਰਹੇਗੀ।
ਇਹ ਬਣਾਏ ਗਏ ਅਹੁਦੇਦਾਰ ਕਲੱਬ ਦੀ ਨਵੀਂ ਬਣੀ ਟੀਮ ਵਿੱਚ ਹਰੀਸ਼ ਗਰੋਵਰ ਨੂੰ ਸਰਪ੍ਰਸਤ, ਸੰਦੀਪ ਮਲੂਜਾ ਨੂੰ ਸੀਨੀਅਰ ਵਾਈਸ ਪ੍ਰਧਾਨ, ਪਵਨ ਨੰਬਰਦਾਰ ਅਤੇ ਸੰਦੀਪ ਬੱਬਰ ਨੂੰ ਵਾਈਸ ਪ੍ਰਧਾਨ, ਲਖਵਿੰਦਰ ਸਿੰਘ ਬਰਾੜ ਨੂੰ ਜਨਰਲ ਸਕੱਤਰ, ਅਮਨਦੀਪ ਸਿੰਘ ਮਹਿਰਾ ਨੂੰ ਕੈਸ਼ੀਅਰ, ਜਦਕਿ ਜਤਿੰਦਰ ਕੁਮਾਰ ਅਤੇ ਹਰਸ਼ਦੀਪ ਸਿੰਘ ਨੂੰ ਪੀ.ਆਰ.ਓ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਓਮ ਪ੍ਰਕਾਸ਼ ਸੇਖੂ, ਅਮਰਨਾਥ ਸੋਨੀ ਅਤੇ ਡਾ. ਕ੍ਰਿਸ਼ਨ ਮੈਦਾਨ ਨੂੰ ਸੀਨੀਅਰ ਸਲਾਹਕਾਰ ਬਣਾਇਆ ਗਿਆ। ਕਾਰਜਕਾਰਨੀ ਕਮੇਟੀ ਵਿੱਚ ਗੁਰਪਿਆਰ ਸਿੰਘ ਚੌਹਾਨ, ਨਿਸ਼ਾਨ ਸਿੰਘ ਸੰਧੂ, ਸੰਦੀਪ ਖਟਕ, ਜਗਦੀਪ ਧਵਨ, ਬਖਸ਼ੀਸ਼ ਸਿੰਘ ਸ਼ੀਸ਼ਾ ਅਤੇ ਅਮਰਜੀਤ ਸਿੰਘ ਪੱਕੀ ਨੂੰ ਸ਼ਾਮਿਲ ਕੀਤਾ ਗਿਆ। ਕਲੱਬ ਦੇ ਸਮੁੱਚੇ ਕੰਮਕਾਜ ਦੀ ਨਿਗਰਾਨੀ ਲਈ ਇੱਕ ਨਿਗਰਾਨ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਹਰਦੀਪ ਸਿੰਘ ਖਾਲਸਾ ਅਤੇ ਰਾਜਵਿੰਦਰ ਸਿੰਘ ਗਿੱਲ ਨੂੰ ਮੈਂਬਰ ਬਣਾਇਆ ਗਿਆ। ਨਵੇਂ ਚੁਣੇ ਗਏ ਪ੍ਰਧਾਨ ਵਿਕਾਸ ਗੁਪਤਾ ਸਮੇਤ ਸਮੁੱਚੀ ਟੀਮ ਨੇ ਕਿਹਾ ਕਿ ਕਲੱਬ ਨੂੰ ਕਿਸੇ ਵੀ ਤਰ੍ਹਾਂ ਦੇ ਨਿੱਜੀ ਜਾਂ ਸਿਆਸੀ ਹਿੱਤਾਂ ਤੋਂ ਉੱਪਰ ਰੱਖਦਿਆਂ ਪੱਤਰਕਾਰਾਂ ਦੇ ਹੱਕਾਂ ਅਤੇ ਲੋਕ ਹਿੱਤਾਂ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਏਕਤਾ ਅਤੇ ਆਪਸੀ ਸਹਿਯੋਗ ਨਾਲ ਕਲੱਬ ਨੂੰ ਇੱਕ ਮਜ਼ਬੂਤ ਮੰਚ ਵਜੋਂ ਸਥਾਪਤ ਕੀਤਾ ਜਾਵੇਗਾ।
Author : Malout Live



