ਇਸਤਾਂਬੁਲ:- ਬੋਇੰਗ 737 ਦਾ ਇਹ ਜਹਾਜ਼ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਵਿਚ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਇਸਤਾਂਬੁਲ ਦੇ ਸਬੀਹਾ ਗੋਜੇਨ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਤੁਰਕੀ ਦੇ ਇਸਤਾਂਬੁਲ ਦੇ ਸਬੀਹਾ ਗੋਕਸੇਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਰਨਵੇਅ 'ਤੇ ਤਿਲਕਣ ਕਾਰਨ ਤਿੰਨ ਹਿੱਸਿਆਂ ਵਿਚ ਟੁੱਟ ਗਿਆ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿਚ ਵੀ ਅੱਗ ਲੱਗ ਗਈ। ਜਹਾਜ਼ ਵਿਚ 177 ਲੋਕ ਸਵਾਰ ਸਨ, ਜਿਹਨਾਂ ਵਿਚ 171 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਨ।

ਹਾਦਸੇ ਵਿਚ ਹੁਣ ਤੱਕ ਇਕ ਵਿਅਕਤੀ ਦੇ ਮਰਨ ਦੀ ਖਬਰ ਹੈ ਜਦਕਿ 150 ਤੋਂ ਵੱਧ ਜ਼ਖਮੀ ਦੱਸੇ ਗਏ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਹਾਦਸੇ ਦੇ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਰ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਜਹਾਜ਼ ਵਿਚ ਜ਼ਿਆਦਾਤਰ ਲੋਕ ਤੁਰਕੀ ਦੇ ਸਨ। ਭਾਵੇਂਕਿ ਲੱਗਭਗ 20 ਵਿਦੇਸ਼ੀ ਨਾਗਰਿਕ ਵੀ ਸਵਾਰ ਸਨ। ਇਹਨਾਂ ਵਿਚ 4 ਅਮਰੀਕੀ, 4 ਚੀਨੀ ਨਾਗਰਿਕ ਵੀ ਸਨ। ਇਸਤਾਂਬੁਲ ਦੇ ਗਵਰਨਰ ਅਲੀ ਯੇਰਲੀਕਾਯਾ ਨੇ ਕਿਹਾ,''ਬਦਕਿਸਮਤੀ ਨਾਲ ਪੇਗਾਸਸ ਏਅਰਲਾਈਨਜ਼ ਦਾ ਜਹਾਜ਼ ਖਰਾਬ ਮੌਸਮ ਕਾਰਨ ਰਨਵੇਅ 'ਤੇ ਲੱਗਭਗ 50-60 ਮੀਟਰ ਤੱਕ ਤਿਲਕਦਾ ਗਿਆ। ਸਿਹਤ ਮੰਤਰੀ ਫਹਾਰਟਿਨ ਕੋਜ਼ਾ ਨੇ ਤੁਰਕੀ ਦੇ ਇਕ ਨਾਗਰਿਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਆਵਾਜਾਈ ਮੰਤਰੀ ਮੇਹਮਤ ਜਾਹਿਰਾ ਤੁਰਹਾਨ ਨੇ ਕਿਹਾ,''ਜ਼ਖਮੀ ਹੋਏ ਲੋਕਾਂ ਵਿਚ ਇਕ ਦੱਖਣੀ ਕੋਰੀਆ ਦਾ ਨਾਗਰਿਕ ਵੀ ਹੈ। ਇਸਤਾਂਬੁਲ ਦੇ ਸਰਕਾਰੀ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।