ਸਿਵਲ ਹਸਪਤਾਲ ਮਲੋਟ ਦੇ ਸਟਾਫ਼ ਵੱਲੋਂ ਡੇਂਗੂ ਦੇ ਬਚਾਅ ਸੰਬੰਧੀ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਗਤੀਵਧੀਆਂ
ਮਲੋਟ: ਇਸ ਸਮੇਂ ਡਾ. ਸੁਨੀਲ ਬਾਂਸਲ ਨੇਂ ਦੱਸਿਆ ਕਿ ਡੇਂਗੂ ਇੱਕ ਏਡੀਜ਼ ਏਜ਼ਿਪਟੀ ਜਾਤੀ ਦੇ ਟਾਇਗਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਡੇਂਗੂ ਬੁਖਾਰ ਹੋਣ ਨਾਲ ਤੇਜ਼ ਸਿਰ ਦਰਦ, ਮੱਥਾ ਦਰਦ, ਪਸੀਨਾ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਜੀਅ ਕੱਚਾ ਹੋਣਾ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸਰੀਰ ਦੇ ਉੱਪਰਲੇ ਅੰਗਾਂ ਵਿੱਚ ਲਾਲ ਧੱਬੇ ਹੋਣੇ ਜਾਂ ਨੱਕ ਅਤੇ ਮੂੰਹ ਵਿੱਚੋਂ ਖੂਨ ਵੀ ਆ ਸਕਦਾ ਹੈ। ਇਸ ਸਮੇਂ ਹਰਜੀਤ ਸਿੰਘ ਹੈਲਥ ਸੁਪਰਵਾਈਜ਼ਰ ਨੇਂ ਦੱਸਿਆ ਕਿ ਸ਼ਹਿਰ ਮਲੋਟ ਵਿਖੇ ਹੁਣ ਤੱਕ ਡੇਂਗੂ ਸੰਬੰਧੀ ਸਿਰਫ਼ 22 ਪੌਜ਼ੀਟਿਵ ਕੇਸ ਹਨ, ਜੋ ਕਿ ਪਿਛਲੇ ਸਾਲ ਡੇਂਗੂ ਕੇਸਾਂ ਦੀ ਗਿਣਤੀ ਨਾਲੋਂ ਬਹੁਤ ਘੱਟ ਹੈ। ਸਿਹਤ ਵਿਭਾਗ ਮਲੋਟ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਫੀਵਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 262 ਥਾਵਾਂ ਤੋਂ ਡੇਂਗੂ ਮੱਛਰਾਂ ਦਾ ਲਾਰਵਾ ਮਿਲਿਆ,ਜਿਸਨੂੰ ਮੌਕੇ ਤੇ ਹੀ ਐਂਟੀ ਲਾਰਵਾ ਦਾ ਛਿੜਕਾਅ ਕਰਵਾ ਕੇ ਨਸ਼ਟ ਕੀਤਾ ਗਿਆ।
ਇਸ ਸਮੇਂ ਸੁਖਨਪਾਲ ਸਿੰਘ ਵੱਲੋਂ ਡੇਂਗੂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਪਏ ਕਬਾੜ ਜਿਵੇਂ ਟਾਇਰ, ਟੁੱਟੇ ਬਰਤਨ ਅਤੇ ਗਮਲਿਆਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਪਸ਼ੂ-ਪੰਛੀਆਂ ਦੇ ਭਾਂਡੇ ਅਤੇ ਹੋਰ ਪਾਣੀ ਸਟੋਰ ਕਰਨ ਵਾਲੇ ਬਰਤਨ ਹਰ ਹਫਤੇ ਸਾਫ਼ ਕਰਕੇ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ। ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਨਾਲ ਅਸੀਂ ਡੇਂਗੂ ਵਰਗੀਆਂ ਕਈ ਹੋਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਮੱਛਰਾਂ ਤੋਂ ਬਚਣ ਲਈ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਓਹਨਾਂ ਕਿਹਾ ਕਿ ਬੁਖਾਰ ਹੋਣ ਦੀ ਸ਼ਿਕਾਇਤ ਤੇ ਨਜ਼ਦੀਕੀ ਸਿਹਤ ਕੇਂਦਰ ਜਾਂ ਸਿਵਿਲ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। Author: Malout Live