ਮੌਸਮ ਵਿਭਾਗ ਨੇ 3 ਜਨਵਰੀ ਲਈ ਔਰੇਂਜ ਅਤੇ 4 ਤੋਂ 6 ਜਨਵਰੀ ਲਈ ਯੈਲੋ ਅਲਰਟ ਕੀਤਾ ਜਾਰੀ

ਮਲੋਟ: ਮੌਸਮ ਵਿਭਾਗ ਵੱਲੋਂ 6 ਜਨਵਰੀ ਤੱਕ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਲਈ ਮੌਸਮ ਵਿਭਾਗ ਨੇ 3 ਜਨਵਰੀ ਲਈ ਔਰੇਂਜ ਅਲਰਟ ਤੇ 4 ਤੋਂ 6 ਜਨਵਰੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਦਰਅਸਲ ਪੰਜਾਬ ਤੇ ਹਰਿਆਣਾ ਵਿੱਚ ਨਵਾਂ ਸਾਲ ਚੜ੍ਹਨ ਤੋਂ ਬਾਅਦ ਵੀ ਸੰਘਣੀ ਧੁੰਦ ਤੇ ਠੰਢ ਦਾ ਕਹਿਰ ਜਾਰੀ ਹੈ। ਅੱਜ ਸਵੇਰ ਤੋਂ ਪੈ ਰਹੀ ਸੰਘਣੀ ਧੁੰਦ ਤੇ ਠੰਢ ਕਾਰਨ ਜਨ ਜੀਵਨ ਪ੍ਰਭਾਵਿਤ ਰਿਹਾ। ਮੌਸਮ ਵਿਭਾਗ ਧੁੰਦ ਨੂੰ ਲੈ ਕੇ ਵਾਰ-ਵਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ।

ਪੰਜਾਬ ਦਾ ਵੱਡਾ ਹਿੱਸਾ ਅੱਜ ਸਵੇਰੇ 2 ਵਜੇ ਤੋਂ ਹੀ ਧੁੰਦ ਦੀ ਲਪੇਟ 'ਚ ਹੈ। ਮੌਸਮ ਵਿਭਾਗ ਨੇ ਸਵੇਰੇ 7 ਵਜੇ ਸੈਟੇਲਾਈਟ ਚਿੱਤਰ ਜਾਰੀ ਕਰਕੇ ਲੋਕਾਂ ਨੂੰ ਸੀਤ ਲਹਿਰ ਤੇ ਧੁੰਦ ਬਾਰੇ ਸੁਚੇਤ ਕੀਤਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਪੰਜਾਬ ਦਾ ਮਾਝਾ ਤੇ ਦੋਆਬਾ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਧੁੰਦ ਕਾਰਨ ਅੰਮ੍ਰਿਤਸਰ-ਚੰਡੀਗੜ੍ਹ ਤੇ ਅੰਮ੍ਰਿਤਸਰ-ਦਿੱਲੀ ਮਾਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। Author: Malout Live