ਮਲੋਟ ਸਟਾਰ ਸਿਟੀ ਵਿੱਚ ਬੰਦ ਪਈ ਕੋਠੀ ਤੇ ਅਣਪਛਾਤੇ ਗੋਲੀਆਂ ਚਲਾ ਕੇ ਫਰਾਰ, ਮਾਮਲਾ ਦਰਜ

ਮਲੋਟ ਸ਼ਹਿਰ ’ਚ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਬੀਤੇ ਦਿਨ ਸਵੇਰੇ ਸਟਾਰ ਸਿਟੀ ਕਾਲੋਨੀ ’ਚ ਸਥਿਤ ਇੱਕ ਬੰਦ ਪਈ ਕੋਠੀ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਿਕ ਕੋਠੀ ਦੇ ਮਾਲਕ ਪ੍ਰਵੀਨ ਜਿੰਦਲ ਆਪਣੇ ਪਰਿਵਾਰ ਸਮੇਤ ਦਿੱਲੀ ’ਚ ਰਹਿੰਦੇ ਹਨ।

ਮਲੋਟ : ਮਲੋਟ ਸ਼ਹਿਰ ਚ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਨਾਲ ਇਲਾਕੇ ਚ ਸਨਸਨੀ ਫੈਲ ਗਈ ਹੈ। ਬੀਤੇ ਦਿਨ ਸਵੇਰੇ ਸਟਾਰ ਸਿਟੀ ਕਾਲੋਨੀ ਚ ਸਥਿਤ ਇੱਕ ਬੰਦ ਪਈ ਕੋਠੀ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਿਕ ਕੋਠੀ ਦੇ ਮਾਲਕ ਪ੍ਰਵੀਨ ਜਿੰਦਲ ਆਪਣੇ ਪਰਿਵਾਰ ਸਮੇਤ ਦਿੱਲੀ ਚ ਰਹਿੰਦੇ ਹਨ। ਫਿਲਹਾਲ ਮਕਾਨ ਬੰਦ ਸੀ ਅਤੇ ਉਸ ਦੀ ਦੇਖਭਾਲ ਕੋਠੀ ਦਾ ਗਾਰਡ ਕਰ ਰਿਹਾ ਸੀ। ਗਾਰਡ ਦੇ ਅਨੁਸਾਰ ਲਗਪਗ ਇੱਕ ਮਹੀਨਾ ਪਹਿਲਾਂ ਵੀ ਇਸੇ ਕੋਠੀ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸੀ। ਡੀ.ਐੱਸ.ਪੀ ਜਸਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਲਗਪਗ 5:30 ਵਜੇ ਥਾਣਾ ਸਿਟੀ ਦੇ ਇੰਚਾਰਜ ਵਰੁਣ ਯਾਦਵ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ।

ਪੁਲਿਸ ਨੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁੱਟੇਜ ਖੰਘਾਲੀ, ਜਿਸ ਚ ਮੋਟਰਸਾਈਕਲ ਤੇ ਸਵਾਰ ਦੋ ਸ਼ੱਕੀ ਵਿਅਕਤੀ ਕੈਦ ਹੋਏ ਹਨ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਚ ਜੁਟੀ ਹੋਈ ਹੈ। ਡੀ.ਐੱਸ.ਪੀ ਮਲੋਟ ਨੇ ਦੱਸਿਆ ਕਿ ਜਿਸ ਮਕਾਨ 'ਤੇ ਫਾਇਰਿੰਗ ਹੋਈ ਹੈ, ਉਹ ਇੱਕ ਵਪਾਰੀ ਦੀ ਕੋਠੀ ਹੈ ਅਤੇ ਪਰਿਵਾਰ ਫਿਲਹਾਲ ਦਿੱਲੀ ਚ ਰਹਿ ਰਿਹਾ ਹੈ। ਘਟਨਾ ਦੌਰਾਨ 3-4 ਫਾਇਰ ਹੋਏ ਹਨ। ਡੀ.ਐੱਸ.ਪੀ ਜਸਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਸਟਾਰ ਸਿਟੀ ਕਾਲੋਨੀ ਦੇ ਨਿਵਾਸੀਆਂ ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕ ਵਾਰ-ਵਾਰ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ।

Author : Malout Live