ਇਨਸਾਨ ਘੁਰਾੜੇ ਕਿਉਂ ਮਾਰਦਾ ਹੈ ਤੇ ਕੀ ਹੈ ਇਸਦਾ ਇਲਾਜ ਜਾਣੋ...

 ਘੁਰਾੜੇ ਮਾਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਘੁਰਾੜੇ ਮਾਰਨ ਵਾਲੇ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਰਾਤ ਵੇਲੇ ਘੁਰਾੜੇ ਮਾਰਦਾ ਹੈ ਪਰ ਨਜ਼ਦੀਕ ਸੌਣ ਵਾਲੇ ਉਨ੍ਹਾਂ ਘੁਰਾੜਿਆਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਘੁਰਾੜੇ ਇਕ ਸਮੱਸਿਆ ਤਾਂ ਹਨ ਪਰ ਬਿਮਾਰੀ ਨਹੀਂ ਹਨ। ਸਲੀਪ ਐਪੇਨੀਆ ਵਾਲੇ ਲੋਕ ਵਧੇਰੇ ਘੁਰਾੜੇ ਮਾਰਦੇ ਹਨ।  ਸਲੀਪ ਐਪੇਨੀਆ ਕਾਰਨ ਸਰੀਰ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ, ਅਜਿਹੇ ਲੋਕ ਰਾਤ ਭਰ ਸੌਣ ਦੇ ਬਾਅਦ ਵੀ ਸਵੇਰੇ ਉਠ ਕੇ ਤਾਜ਼ਗੀ ਮਹਿਸੂਸ ਨਹੀਂ ਕਰਦੇ। ਸਰੀਰ ਅਲਸਾਇਆਜਿਹਾ ਰਹਿੰਦਾ ਹੈ। ਇਨ੍ਹਾਂ ਦੇ ਹੋਰ ਕਾਰਨ ਵੀ ਹਨ, ਜਿਵੇਂ ਸਰੀਰ ਦਾ ਸਥੂਲ ਹੋਣਾ, ਨੱਕ ਬੰਦ ਹੋਣਾ, ਟਾਂਸਿਲ ਵਧੇ ਹੋਣਾ, ਸਾਹ ਪ੍ਰਣਾਲੀ ਦੇ ਮਾਰਗ ਵਿਚ ਰੁਕਾਵਟ ਹੋਣਾ, ਗਲੇ ਦੀਆਂ ਪੇਸ਼ੀਆਂ ਕਮਜ਼ੋਰ ਹੋ ਜਾਣਾ ਆਦਿ। ਘੁਰਾੜਿਆਂ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ, ਪਰ ਕਦੇ-ਕਦੇ ਘੁਰਾੜੇ ਉਸ ਅਵਸਥਾ ਲਈ ਖਤਰਨਾਕ ਸਿੱਧ ਹੋ ਸਕਦੇ ਹਨ, ਜਦੋਂ ਕੁਝ ਪਲ ਲਈ ਸਾਹ ਲੈਣਾ ਬੰਦ ਹੋ ਜਾਂਦਾ ਹੈ। ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਇਕਦਮ ਇਨਸਾਨ ਦੀ ਨੀਂਦ ਟੁੱਟ ਜਾਂਦੀ ਹੈ ਅਤੇ ਫਿਰ ਤੋਂ ਡੂੰਘੇ ਸਾਹ ਲੈਣੇ ਸ਼ੁਰੂ ਕਰ ਦਿੰਦਾ ਹੈ। ਇਹ ਹਾਲਤ ਸਿਹਤ ਲਈ ਖਤਰਨਾਕ ਸਿੱਧ ਹੋ ਸਕਦੀ ਹੈ। ਘੁਰਾੜੇ ਲੈਣ ਵਾਲੇ ਲੋਕਾਂ ਦੇ ਸੁਭਾਅ ਵਿਚ ਚਿੜਚਿੜਾਪਣ, ਯਾਦਾਸ਼ਤ ਤੇ ਇਕਾਗਰਤਾ ਵਿਚ ਮੁਸ਼ਕਿਲ ਮਹਿਸੂਸ ਹੋਣ ਲਗਦੀ ਹੈ। ਇਸ ਨਾਲ ਖੂਨ ਦਾ ਦਬਾਅ ਵਧ ਸਕਦਾ ਹੈ ਅਤੇ ਦਿਲ ਦੀ ਧੜਕਣ ਅਨਿਯਮਤ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਈ. ਐੱਨ. ਟੀ. ਸਰਜਨ ਨੂੰ ਮਿਲ ਕੇ ਸਲਾਹ ਲੈਣੀ ਚਾਹੀਦੀ ਹੈ ਤੇ ਇਲਾਜ ਕਰਵਾਉਣਾ ਚਾਹੀਦਾ ਹੈ । ਕੁਝ ਗੱਲਾਂ 'ਤੇ ਖਾਸ ਧਿਆਨ ਦੇ ਕੇ ਤੁਸੀਂ ਇਸ ਸਮੱਸਿਆ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹੋ। • ਥਕਾਨ ਤੋਂ ਦੂਰੀ ਰੱਖੋ, ਕਿਉਂਕਿ ਜ਼ਿਆਦਾ ਥਕਾਵਟ ਵਿਚ ਘੁਰਾੜੇ ਵਧੇਰੇ ਆਉਂਦੇ ਹਨ। • ਰਾਤ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਓ। • ਪਿੱਠ ਦੇ ਭਾਰ ਨਾ ਸੌਵੋਂ, ਕਿਉਂਕਿ ਪਿੱਠ ਦੇ ਭਾਰ ਸੌਣ ਨਾਲ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ਵਿਚ ਰੁਕਾਵਟ ਆ ਜਾਂਦੀ ਹੈ। ਇਕ ਪਾਸੇ ਸੌਣ ਨਾਲ ਸੰਭਵ ਹੈ ਸਾਹ ਪ੍ਰਣਾਲੀ ਦੇ ਉਪਰਲੇ ਰਾਹ ਦੀ ਰੁਕਾਵਟ ਦੂਰ ਹੋ ਜਾਵੇ। • ਵਧੇ ਹੋਏ ਟਾਨਸਿਲ 'ਤੇ ਨਜ਼ਰ ਰੱਖੋ , ਜਦੋਂ ਵੀ ਗਲੇ ਦੀ ਤਕਲੀਫ ਹੋਵੇ, ਨਜ਼ਰਅੰਦਾਜ਼ ਨਾ ਕਰੋ। ਡਾਕਟਰ ਤੋਂ ਦਵਾਈ ਲੈ ਕੇ ਸਮੇਂ ਸਿਰ ਖਾਓ। • ਜੇਕਰ ਤੁਹਾਡਾ ਸਰੀਰ ਭਾਰਾ ਹੈ ਤਾਂ ਵਜ਼ਨ ਘੱਟ ਕਰੋ। • ਆਪਣਾ ਬਿਸਤਰ-ਸਿਰਹਾਣਾ ਹਮੇਸ਼ਾ ਸਾਫ ਰੱਖੋ, ਕਿਉਂਕਿ ਘੱਟੇ-ਮਿੱਟੀ ਨਾਲ ਅਲਰਜੀ ਹੋਣ 'ਤੇ ਵੀ ਘੁਰਾੜਿਆਂ ਦੀ ਸਮੱਸਿਆ ਆ ਸਕਦੀ ਹੈ। ਕੁਝ ਦਿਨਾਂ ਬਾਅਦ ਬਿਸਤਰੇ ਨੂੰ ਧੁੱਪ ਲਵਾ ਲਓ। • ਪੇਂਟਸ ਤੋਂ ਦੂਰ ਰਹੋ, ਇਹ ਵੀ ਐਲਰਜੀ ਵਧਾ ਸਕਦਾ ਹੈ। ਐਲਰਜੀ ਕਾਰਨ ਸਾਹ ਨਲੀ ਵਿਚ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਘੁਰਾੜੇ ਆ ਸਕਦੇ ਹਨ। • ਨੱਕ ਖੁੱਲ੍ਹਾ ਰੱਖੋ ਇਸ ਦੇ ਲਈ ਖੁੱਲ੍ਹੇ ਵਾਤਾਵਰਨ ਵਿਚ ਸਵੇਰ ਵੇਲੇ ਕਸਰਤ ਕਰੋ। ਸਰਦੀ ਲੱਗਣ 'ਤੇ ਵਾਰ-ਵਾਰ ਨੱਕ ਸਾਫ ਕਰਦੇ ਰਹੋ, ਤਾਂ ਜੋ ਨੱਕ ਬੰਦ ਨਾ ਹੋਵੇ। • ਬਹੁਤੇ ਦਿਨ ਤੱਕ ਨੱਕ ਬੰਦ ਰਹਿਣ 'ਤੇ ਡਾਕਟਰ ਤੋਂ ਜਾਂਚ ਕਰਵਾਓ। ਨੀਂਦ ਦੀਆਂ ਗੋਲੀਆਂ, ਐਲਰਜੀ ਰੋਧਕ ਦਵਾਈਆਂ ਵੀ ਸਾਹ ਮਾਰਗ ਦੀਆਂ ਪੇਸ਼ੀਆਂ ਨੂੰ ਸੁਸਤ ਬਣਾ ਦਿੰਦੀਆਂ ਹਨ, ਜਿਸ ਨਾਲ ਘੁਰਾੜੇ ਆਉਣ ਲੱਗ ਪੈਂਦੇ ਹਨ।