ਲਕੀਰਾਂ

ਪੰਡਿਤ ਕਰਿਸਨ ਕੁਮਾਰ ਮੰਦਰ ਦੇ ਸਾਹਮਣੇ ਬੈਠਾ , ਲੋਕਾਂ ਦੇ ਹੱਥਾਂ ਦੀਆਂ ਲਕੀਰਾਂ ਦੇਖ ਰਿਹਾ ਹੈ। ਦੇਖਣ ਦੇ ਇਕਵੰਜਾ ਰੁਪੈ ਅਤੇ ਲਕੀਰਾਂ ਬਦਲਣ ਦੇ ਇੱਕ ਸੌ ਇੱਕ ਰੁਪੈ ਲੈਂਦਾ ਹੈ। ਉਸ ਕੋਲ ਸਵੇਰ ਤੋਂ ਸੱਤ ਅੱਠ ਨੁਮਾਇਦੇ ਲਕੀਰਾਂ ਵਿਖਾ ਚੁੱਕੇ ਹਨ ਅਤੇ ਪੰਜ ਛੇ ਨੇ ਤਾਂ ਲਕੀਰਾਂ ਬਦਲਾਈਆਂ ਵੀ ਹਨ।
ਚੰਗੀ ਕਮਾਈ ਹੋ ਗਈ , ਸੋਚਦਾ ਸੋਚਦਾ ਘਰ ਜਾ ਰਿਹਾ ਹੈ। ਸਾਹਮਣਿਉਂ ਆਉਂਦਾ ਟਰੱਕ ਐਹੋ ਜੇਹੀ ਟੱਕਰ ਮਾਰਦਾ ਹੈ , ਕਰਿਸਨ ਕੁਮਾਰ ਕਈ ਫੁੱਟ ਦੂਰ ਜਾ ਡਿਗਦਾ ਹੈ। ਭੀੜ ਜਮਾਂ ਹੋ ਜਾਂਦੀ ਹੈ। ਹਰ ਕੋਈ ਕਹਿ ਰਿਹਾ ਹੈ , ਵੇਚਾਰਾ ਮਰ ਗਿਆ। ਕੋਈ ਕਹਿੰਦਾ ਹੈ , ਹਸਪਤਾਲ ਲੈ ਚੱਲੋ। ਪਰ ਨੇੜੇ ਕੋਈ ਨਹੀਂ ਆਉਂਦਾ। ਸਭ ਕਹਿਣ ਵਾਲ਼ੇ ਨੇ , ਕਰਨ ਵਾਲਾ ਕੋਈ ਵੀ ਨਹੀਂ। ਭੀੜ ਵਿੱਚੋਂ ਇੱਕ ਬਿਰਧ ਔਰਤ ਬੁੜਬੁੜਾਉਂਦੀ ਹੈ ਕਿ ' ਹੇ ਪਰਮਾਤਮਾਂ ਕੀ ਸੰਸਾਰ ਦੀ ਇੰਨੀ ਵੱਡੀ ਭੀੜ ਦੀਆਂ ਲਕੀਰਾਂ ਬਦਲਣ ਵਾਲਾ ਆਪਣੀਆਂ ਲਕੀਰਾਂ ਨਹੀਂ ਬਦਲ ਸਕਦਾ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524