District NewsMalout NewsPunjab

ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ

ਮਲੋਟ:- ਆਮ ਆਦਮੀ ਪਾਰਟੀ ਵੱਲੋਂ ਮੁਫ਼ਤ ਬਿਜਲੀ ਸਹੂਲਤ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਸ ਸੰਬੰਧ ਵਿੱਚ ਜਾਰੀ ਹੋਏ ਸਰਕੁਲਰ ਅਨੁਸਾਰ ਪਾਵਰਕਾਮ ਦੇ ਕਰਮਚਾਰੀ 600 ਯੂਨਿਟ ਤੋਂ ਉੱਪਰ ਦੀ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਨੂੰ ਵੀ ਜਨਰਲ ਕੈਟਾਗਿਰੀ ਵਾਂਗ 600 ਯੂਨਿਟ ਤੋਂ ਉੱਪਰ ਖ਼ਪਤ ਹੋਣ ’ਤੇ ਪੂਰੇ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਪਾਵਰਕਾਮ ਵੱਲੋਂ ਆਪਣੇ ਕਰਮਚਾਰੀਆਂ ਨੂੰ ਉੱਪਰਲਾ ਲਾਭ ਨਾ ਦਿੱਤੇ ਜਾਣ ’ਤੇ ਵੱਖ-ਵੱਖ ਯੂਨੀਅਨਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕਮੇ ਨੂੰ ਅਜਿਹਾ ਬਦਲ ਰੱਖਣਾ ਚਾਹੀਦਾ ਸੀ, ਜਿਸ ਨਾਲ ਉਨ੍ਹਾਂ ਨੂੰ 600 ਯੂਨਿਟ ਤੱਕ ਦੇ ਬਿੱਲ ਦੀ ਅਦਾਇਗੀ ਨਾ ਕਰਨੀ ਪੈਂਦੀ ਅਤੇ ਸਿਰਫ਼ ਇਸ ਤੋਂ ਉੱਪਰ ਦੀ ਖ਼ਪਤ ਹੋਣ ਵਾਲੇ ਬਿੱਲ ਦਾ ਹੀ ਭੁਗਤਾਨ ਕਰਨਾ ਪੈਂਦਾ। ਸਰਕੁਲਰ ਮੁਤਾਬਕ ਜਨਰਲ ਕੈਟਾਗਿਰੀ ਨੂੰ 600 ਯੂਨਿਟ ਤੱਕ ਬਿਜਲੀ ਮੁਆਫ਼ ਕੀਤੀ ਗਈ, ਜਦਕਿ ਇਸ ਤੋਂ ਉੱਪਰ ਬਿੱਲ ਆਉਣ ’ਤੇ ਪੂਰਾ ਭੁਗਤਾਨ ਕਰਨ ਦੀ ਸ਼ਰਤ ਰੱਖੀ ਗਈ ਹੈ। ਉੱਥੇ ਹੀ, 4 ਕੈਟਾਗਿਰੀਆਂ ਐੱਸ.ਸੀ, ਬੀ.ਸੀ, ਫ੍ਰੀਡਮ ਫਾਈਟਰ ਅਤੇ ਬੀ.ਪੀ.ਐੱਲ ਪਰਿਵਾਰਾਂ ਨੂੰ 600 ਯੂਨਿਟ ਤੋਂ ਉੱਪਰ ਦੀ ਸਹੂਲਤ ਲੈਣ ਲਈ ਸਵੈ-ਘੋਸ਼ਣਾ ਪੱਤਰ ਦੇਣਾ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ 4 ਕੈਟਾਗਿਰੀਆਂ ਵੱਲੋਂ ਦਿੱਤੇ ਜਾਣ ਵਾਲੇ ਘੋਸ਼ਣਾ-ਪੱਤਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਹੋਣ ’ਤੇ 600 ਯੂਨਿਟ ਤੱਕ ਦਾ ਬਿੱਲ ਪੂਰੀ ਤਰ੍ਹਾਂ ਮੁਆਫ਼ ਰਹੇਗਾ ਅਤੇ ਇਸ ਤੋਂ ਉੱਪਰ ਜਿੰਨੇ ਯੂਨਿਟਾਂ ਦੀ ਖ਼ਪਤ ਹੋਵੇਗੀ, ਉਸੇ ਦਾ ਬਿੱਲ ਭਰਨਾ ਪਵੇਗਾ।

                     

ਉਦਾਹਰਣ ਵਜੋਂ ਜੇਕਰ ਉਕਤ ਕੈਟਾਗਿਰੀਆਂ ਵਿਚੋਂ ਕਿਸੇ ਦਾ ਬਿੱਲ 650 ਯੂਨਿਟ ਦਾ ਬਣਦਾ ਹੈ ਤਾਂ ਉਸ ਨੂੰ ਸਿਰਫ਼ 50 ਯੂਨਿਟ ਦਾ ਹੀ ਭੁਗਤਾਨ ਕਰਨਾ ਪਵੇਗਾ। ਹੁਣ ਜਿਹੜੀ ਗੱਲ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਉਕਤ 4 ਕੈਟਾਗਿਰੀਆਂ ਨਾਲ ਸੰਬੰਧਤ ਪਰਿਵਾਰਾਂ ਦਾ ਕੋਈ ਵੀ ਵਿਅਕਤੀ ਪੇਸ਼ੇਵਰ ਸੰਸਥਾ ਵਿੱਚ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਅਤੇ ਆਰਕੀਟੈਕਟ ਨਹੀਂ ਹੋਣਾ ਚਾਹੀਦਾ। ਇਸ ਵਿੱਚ ਇਹ ਬਦਲ ਦਿੱਤਾ ਗਿਆ ਹੈ ਕਿ ਜੇਕਰ ਉਕਤ ਵਿਅਕਤੀ ਵੱਲੋਂ ਇਨ੍ਹਾਂ ਕੰਮਾਂ ਨਾਲ ਸੰਬੰਧਤ ਡਿਗਰੀ ਆਦਿ ਹਾਸਿਲ ਕੀਤੀ ਹੋਈ ਹੈ ਪਰ ਉਹ ਪੇਸ਼ੇ ਵਜੋਂ ਇਸਤੇਮਾਲ ਨਹੀਂ ਕਰਦਾ ਤਾਂ ਉਹ ਲਾਭ ਲੈਣ ਦਾ ਹੱਕਦਾਰ ਹੋਵੇਗਾ। ਸਵੈ ਘੋਸ਼ਣਾ-ਪੱਤਰ ਦੇਣ ਵਾਲੇ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਅਦਾ ਕਰਨ ਦੇ ਘੇਰੇ ਵਿੱਚ ਆਉਂਦਾ ਹੈ ਜਾਂ ਘੋਸ਼ਣਾ-ਪੱਤਰ ਦੀ ਕਿਸੇ ਵੀ ਸ਼ਰਤ ਨੂੰ ਪੂਰਾ ਨਹੀਂ ਕਰਦਾ ਤਾਂ ਸੰਬੰਧਤ ਖ਼ਪਤਕਾਰ ਇਸ ਬਾਰੇ ਪਾਵਰਕਾਮ ਨੂੰ ਸੂਚਿਤ ਕਰੇਗਾ। 600 ਯੂਨਿਟ ਤੋਂ ਉੱਪਰ ਦਾ ਲਾਭ ਲੈਣ ਲਈ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਹਨ, ਉਹ ਪੂਰੀਆਂ ਕਰਨਾ ਬਹੁਤ ਮੁਸ਼ਕਿਲ ਦੱਸਿਆ ਜਾ ਰਿਹਾ ਹੈ ਕਿਉਂਕਿ ਮੌਜੂਦਾ ਅਤੇ ਰਿਟਾਇਰਡ ਕਰਮਚਾਰੀ (ਦਰਜਾ-4 ਨੂੰ ਛੱਡ ਕੇ) ਦੇ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਬਣਦੀ ਹੈ, ਉੱਥੇ ਹੀ ਸਾਬਕਾ ਅਤੇ ਮੌਜੂਦਾ ਕੌਂਸਲਰ, ਪੰਚਾਇਤਾਂ ਦੇ ਚੇਅਰਮੈਨ ਅਤੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਹੜੇ ਕਿ 10 ਹਜ਼ਾਰ ਤੋਂ ਉੱਪਰ ਪੈਨਸ਼ਨ ਲੈਂਦੇ ਹਨ। ਅਜਿਹੇ ਵਿੱਚ ਉਕਤ ਪਰਿਵਾਰ 600 ਯੂਨਿਟ ਤੋਂ ਉੱਪਰ ਦਾ ਲਾਭ ਲੈਣ ਵਾਲੇ ਘੇਰੇ ਵਿਚੋਂ ਬਾਹਰ ਹੋ ਜਾਣਗੇ।

Author: Malout Live

Leave a Reply

Your email address will not be published. Required fields are marked *

Back to top button