Punjab

ਪੰਥਕ ਜਥੇਬੰਦੀਆਂ, ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ 25 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ

ਬਠਿੰਡਾ:- ਪੰਥਕ ਜਥੇਬੰਦੀਆਂ, ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗਣਤੰਤਰ ਦਿਵਸ ਮੌਕੇ 25 ਜਨਵਰੀ ਨੂੰ ਕੇਂਦਰ ਸਰਕਾਰ ਦੀਆਂ ਫਾਸ਼ੀਵਾਦੀ ਤੇ ਦੇਸ਼-ਵਿਰੋਧੀ ਨੀਤੀਆਂ ਖਿਲਾਫ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਐਲਾਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਚੀਮਾ ਨੇ ਕਿਹਾ ਕਿ ਭਾਰਤ ਬੰਦ ਦਾ ਇਹ ਫੈਸਲਾ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਫੁੱਟ ਪਾਓ ਕਾਨੂੰਨਾਂ ਅਤੇ ਸੰਵਿਧਾਨਿਕ ਜਥੇਬੰਦੀਆਂ ਖਿਲਾਫ਼ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੰਜਾਬ ਦੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ
ਨੂੰ  25 ਜਨਵਰੀ ਨੂੰ ਵਿੱਦਿਅਕ, ਵਪਾਰਕ, ਬੈਂਕਾਂ ਅਤੇ ਪੈਟਰੋਲ ਪੰਪਾਂ ਆਦਿ ਨੂੰ ਬੰਦ ਕਰ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸ਼ਾਂਤਮਈ ਢੰਗ ਨਾਲ ਭਾਰਤ ਨੂੰ ਬੰਦ ਕਰ ਕੇ ਮੋਦੀ ਸਰਕਾਰ ਨੂੰ ਉਸ ਦੀਆਂ ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਕਰਾਰਾ ਜੁਆਬ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਬੰਦ ਬਿਲਕੁੱਲ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਅਤੇ ਰੇਲ ਆਵਾਜਾਈ, ਹਸਪਤਾਲ, ਦਵਾਈਆਂ ਅਤੇ ਡਾਕਟਰੀ ਸਹੂਲਤਾਂ ਵਾਲੇ ਅਦਾਰੇ ਬੰਦ ਤੋਂ ਬਾਹਰ ਰਹਿਣਗੇ। ਇਸ ਮੌਕੇ ਦਲ ਖਾਲਸਾ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਨਥਾਣਾ, ਜ਼ਿਲਾ ਜਨਰਲ ਸਕੱਤਰ ਬਲਕਰਨ ਸਿੰਘ ਡੱਬਵਾਲੀ, ਜ਼ਿਲਾ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ਼ਹਿਰੀ ਪ੍ਰਧਾਨ ਹਰਫੂਲ ਸਿੰਘ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਕਾਲਾ, ਮਹਿੰਦਰ ਸਿੰਘ ਖਾਲਸਾ, ਮੁਸਲਮਾਨ ਭਾਈਚਾਰੇ ਦੇ ਅਸ਼ਰਫ਼, ਸੁਖਦੇਵ ਖਾਨ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Back to top button