District NewsMalout News

‘ਮਿਸ਼ਨ ਉੱਨਤ ਕਿਸਾਨ’ ਤਹਿਤ ਕਿਸਾਨ ਮਿੱਤਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ- ਮੁੱਖ ਖੇਤੀਬਾੜੀ ਅਫਸਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਮਿਸ਼ਨ ਉੱਨਤ ਕਿਸਾਨ’ ਅਧੀਨ ਨਰਮੇ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਨਰਮੇ ਦੇ ਰਕਬੇ ਵਾਲੇ ਪਿੰਡਾਂ ਵਿੱਚ ਭਰਤੀ ਕੀਤੇ ਕਿਸਾਨ ਮਿੱਤਰਾਂ ਲਈ ਤਕਨੀਕੀ ਸਿਖਲਾਈ ਪ੍ਰੋਗਰਾਮ ਰੈੱਡ ਕਰਾਸ ਭਵਨ, ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਮੁੱਖ ਸਕੱਤਰ ਖੇਤੀਬਾੜੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੈਡਮ ਪੱਲਵੀ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਸ. ਕੰਵਰਜੀਤ ਸਿੰਘ, ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਭਰਤੀ ਹੋਏ ਕਿਸਾਨ ਮਿੱਤਰਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਕਦਮ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਵੱਲੋਂ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਖੇਤੀਬਾੜੀ ਸੰਬੰਧੀ ਪਸਾਰ ਸੇਵਾਵਾਂ ਮੁਹੱਈਆ ਕਰਨ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਪਿੰਡਾਂ ਵਿੱਚ ਕਿਸਾਨਾਂ ਤੱਕ ਪਹੁੰਚ ਕੀਤੀ ਜਾਵੇ

ਤਾਂ ਜੋ ਵੱਧ ਤੋਂ ਵੱਧ ਕਿਸਾਨ ਨਰਮਾ ਬੀਜਣ ਲਈ ਪ੍ਰੇਰਿਤ ਹੋ ਸਕਣ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮਾਹਿਰ ਡਾ. ਵਿਜੈ ਕੁਮਾਰ, ਪ੍ਰਿੰਸੀਪਲ ਐਟੋਮੋਲੋਜਿਸਟ ਨੇ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਅਤੇ ਰੋਕਥਾਮ ਸੰਬੰਧੀ ਵਿਚਾਰ ਸਾਂਝੇ ਕੀਤੇ। ਡਾ. ਵਿਵੇਕ ਕੁਮਾਰ ਵੱਲੋਂ ਨਰਮੇ ਦੀ ਸੁਚੱਜੀ ਕਾਸ਼ਤ, ਡਾ. ਜਗਦੀਸ਼ ਕੁਮਾਰ ਵੱਲੋਂ ਬਿਮਾਰੀਆਂ ਦੀ ਰੋਕਥਾਮ ਅਤੇ ਡਾ. ਅਮਨਦੀਪ ਕੌਰ ਨੇ ਹਾਨੀਕਾਰਕ ਤੇ ਮਿੱਤਰ ਕੀੜਿਆਂ ਦੀ ਪਹਿਚਾਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਮਿੱਤਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਬਾਰੇ, ਨਰਮੇ ਦੇ ਰਕਬੇ ਨੂੰ ਵਧਾਉਣ ਸੰਬੰਧੀ ਜ਼ਰੂਰੀ ਨੁਕਤੇ ਅਤੇ ਪਿੰਡ ਪੱਧਰ ਤੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਬਾਰੇ ਜਾਗਰੂਕ ਕਰਨ ਲਈ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਖੇਤੀਬਾੜੀ ਅਤੇ ਹੋਰ ਵਿਭਾਗਾਂ ਵੱਲੋਂ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਨਰਮੇ ਵਾਲੇ ਪਿੰਡਾਂ ਵਿੱਚ ਤਾਇਨਾਤ ਕੀਤੇ ਕਿਸਾਨ ਮਿੱਤਰਾਂ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਿਰ ਸਨ।

Author: Malout Live

Back to top button