District NewsMalout News

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ POCSO ACT 2012 ਸੰਬੰਧੀ ਪੁਲਿਸ ਅਫ਼ਸਰਾਂ ਨਾਲ ਲਗਾਇਆ ਜਾਗਰੂਕਤਾ ਸੈਮੀਨਾਰ

ਮਲੋਟ (ਸ਼੍ਰੀੂ ਮੁਕਤਸਰ ਸਾਹਿਬ): ਮਾਨਯੋਗ ਕਾਰਜਕਾਰੀ ਚੇਅਰਮੈਨ ਸ਼੍ਰੀ ਗੁਰਮੀਤ ਸਿੰਘ ਸੰਧਾਵਾਲੀਆ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਇੱਕ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਮਿਸ ਗਿਰੀਸ਼, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀਮਤੀ ਹਰਪ੍ਰੀਤ ਕੌਰ ਸੀ.ਜੇ.ਐੱਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ, ਲੀਗਲ ਏਡ ਡਿਫੈਂਸ ਕਾਉਂਸਲ, ਸ਼੍ਰੀ ਹਰਸ਼ਦੀਪ ਸਿੰਘ ਬਰਾੜ, ਪੈਨਲ ਵਕੀਲ ਸਾਹਿਬ ਵੱਲੋ ਪੁਲਿਸ ਅਫ਼ਸਰਾਂ ਨੂੰ POCSO ACT ਅਤੇ NALSA ਦੀਆਂ ਵੱਖ-ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਚੌਹਾਨ ਨੇ ਐਕਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਕਟ ਅਧੀਨ ਕੇਵਲ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ, ਇਸ ਐਕਟ ਦੇ ਕਾਨੂੰਨ ਤਹਿਤ ਆਉਂਦੇ ਹਨ।

ਪੀੜਿਤ ਦਾ ਬਿਆਨ ਦਰਜ਼ ਕਰਨ ਸਮੇਂ ਤਫਤੀਸ਼ੀ ਅਫ਼ਸਰ ਵੱਲੋਂ ਕੁੱਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ, ਜਿਵੇਂ ਕਿ ਪੀੜਿਤ ਦਾ ਬਿਆਨ ਹੋ ਸਕੇ ਤਾਂ ਇੱਕ ਲੇਡੀ ਪੁਲਿਸ ਅਫ਼ਸਰ, ਜੋ ਸਿਵਲ ਵਰਦੀ ਵਿੱਚ ਹੋਵੇ ਵੱਲੋਂ ਲਿਖਿਆ ਜਾਣਾ ਜ਼ਰੂਰੀ ਹੈ। ਪੀੜਿਤ ਦਾ ਬਿਆਨ ਦਰਜ ਕਰਨ ਸਮੇਂ ਪੀੜਿਤ ਦੇ ਮਾਂ-ਬਾਪ ਜਾਂ ਨਜ਼ਦੀਕੀ ਰਿਸ਼ਤੇਦਾਰ ਜਿਸ ਉੱਪਰ ਪੀੜਿਤ ਬੱਚਾ ਵਿਸ਼ਵਾਸ ਕਰਦਾ ਹੋਵੇ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਪਾਕਸੋ ਐਕਟ ਅਧੀਨ ਦਰਜ਼ ਹੋਏ ਮੁਕੱਦਮੇ ਵਿੱਚ ਸੀਮਿਤ ਸਮੇਂ ਅੰਦਰ ਤਫਤੀਸ਼ ਪੂਰੀ ਹੋਣ ਤੇ ਪੀੜਿਤ ਦਾ ਬਿਆਨ ਮਾਨਯੋਗ ਅਦਾਲਤ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਦਰਜ਼ ਕਰਾਉਣ ਦੀ ਜ਼ਿਮੇਵਾਰੀ ਵੀ ਕੇਸ ਦੇ ਤਫਤੀਸ਼ੀ ਅਫ਼ਸਰ ਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਨਾਲਸਾ ਟੋਲ ਫ੍ਰੀ ਨੰਬਰ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Back to top button