District NewsMalout News

ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ HIV ਦਾ ਮੁਫ਼ਤ ਟੈਸਟ ਅਤੇ ਇਲਾਜ- ਡਾ. ਬੰਦਨਾ ਬਾਂਸਲ DMC

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਵਿਸ਼ਵ ਏਡਜ਼ ਦਿਵਸ ਮੌਕੇ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸੇਂਟ ਸਹਾਰਾ ਨਰਸਿੰਗ ਇੰਸਟੀਟਿਊਟ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਏਡਜ਼ ਦਿਵਸ ਦੇ ਸੰਬੰਧ ਵਿੱਚ ਜਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ। ਜਿਸ ਵਿੱਚ ਡਾ. ਬੰਦਨਾ ਬਾਂਸਲ ਡੀ.ਐੱਮ.ਸੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ, ਚੀਫ ਜੁਡੀਸ਼ੀਅਲ ਮਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐੱਮ.ਸੀ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੁੰ ਏਡਜ਼ ਬਿਮਾਰੀ ਪ੍ਰਤੀ ਅਤੇ ਬਚਾਅ ਸੰਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਏਡਜ਼ ਦੀ ਬੀਮਾਰੀ HIV ਵਾਇਰਸ ਨਾਲ ਹੁੰਦੀ ਹੈ,ਜੋ ਸਾਡੇ ਸਰੀਰ ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜ਼ੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕੰਮਜ਼ੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਇਲਾਜ ਦੌਰਾਨ ਫਰਕ ਨਾ ਪੈ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ HIV/ਏਡਜ਼ ਹੋ ਸਕਦਾ ਹੈ ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ HIV ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਈ.ਸੀ.ਟੀ.ਸੀ ਸੈਂਟਰਾਂ ਵਿੱਚ HIV ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵਰਤਣ ਵਾਲੇ ਲੋਕ ਨਸ਼ੇ ਦੇ ਟੀਕੇ ਇੱਕੋ ਹੀ ਸਰਿੰਜ/ਸੂਈ ਨਾਲ ਲਗਾਉਂਦੇ ਹਨ,ਜਿਸ ਨਾਲ ਏਡਜ਼ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੈ।

ਇਸ ਸਾਲ ਰਿਪੋਰਟ ਹੋਏ HIV ਦੇ ਨਵੇਂ ਮਰੀਜ਼ਾਂ ਵਿੱਚੋਂ ਜਿਆਦਾਤਰ ਮਰੀਜ ਨਸ਼ੇ ਦੇ ਟੀਕੇ ਲਗਾਉਣ ਵਾਲੇ ਰਿਪੋਰਟ ਹੋਏ ਹਨ। ਉਹਨਾਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਜਾ ਕੇ ਨਸ਼ਾ ਛੱਡ ਸਕਦੇ ਹਨ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ, ਚੀਫ ਜੂਡੀਸ਼ੀਅਲ ਮਜਿਸਟਰੇਟ ਨੇ ਕਿਹਾ ਕਿ HIV ਪਾਜ਼ੀਟਿਵ ਮਰੀਜ਼ਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਰੋਜ਼ਗਾਰ ਅਤੇ ਸਿੱਖਿਆ ਸੇਵਾਵਾਂ ਬਿਨਾਂ ਵਿਤਕਰੇ ਤੋਂ ਮੁਹੱਈਆ ਕਰਵਾਉਣੀਆਂ ਕਾਨੂੰਨ ਅਨੁਸਾਰ ਜ਼ਰੂਰੀ ਹਨ। ਉਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੁਰਮੀਤ ਕੌਰ ਭੰਡਾਰੀ ਜਿਲ੍ਹਾ ਏਡਜ਼ ਕੰਟਰੋਲ ਅਫਸਰ ਨੇ ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਣ, ਬਚਾਓ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਬਿਮਾਰੀ ਇੱਕ ਦੂਜੇ ਦੀਆਂ ਸੂਈਆਂ ਸਰਿੰਜਾਂ ਵਰਤਣ ਨਾਲ,ਗਰਭਵਤੀ ਮਾਂ ਤੋਂ ਬੱਚੇ ਨੂੰ,ਦੂ਼ਸ਼ਿਤ ਖੂਨ ਚੜਾਉਣ ਨਾਲ,ਅਸੁਰੱਖਿਅਤ ਸੈਕਸ ਸੰਬੰਧ ਬਨਾਉਣ ਨਾਲ,ਟੈਟੂ ਬਨਵਾਉਣ ਨਾਲ ਇੱਕ ਮਨੂੱਖ ਤੋਂ ਦੂਸਰੇ ਮਨੂੱਖ ਨੂੰ ਫੈਲਦੀ ਹੈ। ਨਰਸਿੰਗ ਇੰਸਟੀਟਿਊਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਏਡਜ਼ ਦੇ ਬਚਾਅ ਸੰਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਏਡਜ਼ ਦੀ ਬਿਮਾਰੀ ਸੰਬੰਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਅਮਰ ਸਿੰਘ, ਮੂਰਤੀ ਕੌਰ ਅਤੇ ਸਿਮਰਨ ਸ਼ਰਮਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਸਟਾਫ ਤੋਂ ਇਲਾਵਾ ਇੰਸਟੀਚਿਊਟ ਦਾ ਸਟਾਫ ਹਾਜ਼ਿਰ ਸੀ।

Author: Malout Live

Back to top button