District NewsMalout News

ਸ਼੍ਰੀ ਮੁਕਤਸਰ ਸਾਹਿਬ ਵਿਖੇ ਕੌਮਾਂਤਰੀ ਭਾਸ਼ਾ ਦਿਵਸ ਮਨਾਇਆ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਸੰਚਾਰ ਲਈ ਸਮਰਪਿਤ ਰਹਿਣ ਦਾ ਲਿਆ ਅਹਿਦ

ਮਲੋਟ:- ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਤ ਭਾਸ਼ਾ ਦਾ ਮਹੱਤਵ ਅਤੇ ਮਾਂ-ਬੋਲੀ ਅਹਿਦ ਸਮਾਗਮ’ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਤੇ ਨਾਵਲਕਾਰ ਗੁਰਸੇਵਕ ਸਿੰਘ ਪ੍ਰੀਤ ਨੇ ਕੀਤੀ ਜਦੋਂ ਕਿ ਕੁੰਜੀਵਤ ਭਾਸ਼ਨ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਡਾਇਰੈਕਟਰ ਡਾ. ਬਲਜਿੰਦਰ ਕੌਰ ਨੇ ਦਿੱਤਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਤੁਹਿਸ਼ਤਾ ਗੁਲਾਟੀ ਤੇ ਹਰਜੋਤ ਕੌਰ ਪੀ.ਸੀ.ਐੱਸ, ਬਲਕਰਨ ਸਿੰਘ ਜ਼ਿਲ੍ਹਾ ਮਾਲ ਅਫਸਰ, ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ), ਡੀ.ਈ.ਓ(ਐ) ਪ੍ਰਭਜੋਤ ਕੌਰ ਅਤੇ ਵਕਤਾ ਵਜੋਂ ਕਹਾਣੀਕਾਰ ਹਰਜਿੰਦਰ ਸੂਰੇਵਾਲੀਆ, ਰਣਜੀਤ ਸਿੰਘ ਥਾਂਦੇਵਾਲਾ, ਨਾਵਲਕਾਰ ਗੁਰਜੀਤ ਐਮੀ ਹੋਰੀਂ ਸ਼ਾਮਿਲ ਹੋਏ।

ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਮਾਂ ਬੋਲੀ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਤੋਂ ਜਾਣੂੰ ਕਰਵਾਇਆ। ਡਾ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਸਮਰੱਥ ਭਾਸ਼ਾ ਹੈ ਜਿਸ ਵਿੱਚ ਗਿਆਨ ਤੇ ਵਿਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬਾਲਾਂ ਉੱਪਰ ਬਾਹਰਲੀਆਂ ਜ਼ੁਬਾਨਾਂ ਦਾ ਬੇਲੋੜਾ ਬੋਝ ਨਹੀਂ ਪਾਉਣਾ ਚਾਹੀਦਾ ਇਸ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਇਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਸੰਚਾਰ ਲਈ ਸਮਰਪਿਤ ਰਹਿਣ ਦਾ ਅਹਿਦ ਵੀ ਲਿਆ ਗਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਲਦੀ ਹੀ ਸਾਹਿਤਕਾਰਾਂ ਨਾਲ ਬੈਠਕ ਕਰਕੇ ਭਾਸ਼ਾ ਸੰਬੰਧੀ ਮਸਲੇ ਵਿਚਾਰਨ ਦਾ ਭਰੋਸਾ ਦਿੱਤਾ। ਸਮਾਗਮ ਦੇ ਅਖੀਰ ‘ਤੇ ਗੁਰਜੀਤ ਐਮੀ ਨੇ ਪੰਜਾਬੀ ਗੀਤ ਪੇਸ਼ ਕੀਤਾ। ਇਸ ਮੌਕੇ ਵੱਡੀ ਗਿਣਤੀ ‘ਚ ਅਧਿਕਾਰੀ, ਕਰਮਚਾਰੀ ਤੇ ਲੇਖਕ ਸ਼ਾਮਿਲ ਹੋਏ।

Leave a Reply

Your email address will not be published. Required fields are marked *

Back to top button