Mini Stories

ਖੰਭਾਂ ਦੀਆਂ ਉਡਾਰਾਂ

ਬੀਤੇ ਦਿਨਾਂ ਦੀ ਗੱਲ ਹੈ ਕਿ ਸਾਡੇ ਪਿੰਡ ‘ਪਾਗਲਪੁਰ’ ਇਕ ਹਕੀਮ ਜੀ ਆਏ। ਹਕੀਮ ਜੀ ਬਜ਼ੁਰਗ ਸਿਆਣੇ, ਸਹਿਜ-ਸੁਭਾਅ ਅਤੇ ਮਿੱਠ ਬੋਲੜੇ ਇਨਸਾਨ ਸਨ। ਸ਼ਾਮ ਵੇਲੇ ਇਕ ਔਰਤ ਆਪਣੇ ਬੱਚੇ ਨੂੰ ਹਕੀਮ ਜੀ ਦੇ ਕੋਲ ਲੈ ਕੇ ਆਈ ਤੇ ਕਹਿਣ ਲੱਗੀ ਕਿ, ‘‘ਬਾਬਾ ਜੀ ਮੁੰਡੇ ਦੇ ਪੈਰ ਦੇਖਿਓ, ਕੱਲ ਦਾ ਨਿਆਣਾ ਭੂੰਜੇ ਹੀ ਨਹੀਂ ਲਾਉਂਦਾ।’’ ਹਕੀਮ ਜੀ ਨੇ ਪੈਰ ਨੱਪ ਘੁੱਟ ਕੇ ਦੇਖਿਆ ਤਾਂ ਉਨਾਂ ਨੂੰ ਪਤਾ ਲੱਗਾ ਕਿ ਗਿੱਟੇ ਵਿਚ ਮੋਚ ਆਈ ਹੋਈ ਹੈ। ਹਕੀਮ ਜੀ ਨੇ ਮੋਚ ਕੱਢ ਦਿੱਤੀ ਤੇ ਜਿਸ ਕਾਰਨ ਬੱਚਾ ਠੀਕ ਹੋ ਗਿਆ। ਔਰਤ ਗਰੀਬ ਹੋਣ ਕਾਰਨ ਹਕੀਮ ਜੀ ਨੇ ਉਸ ਕੋਲੋਂ ਕੋਈ ਦਕਸ਼ਨਾਂ ਵੀ ਨਹੀਂ ਲਈ। ਹਕੀਮ ਜੀ ਰਾਤ ਨੂੰ ਚੈਨ ਅਤੇ ਅਨੰਦ ਨਾਲ ਸੁੱਤੇ ਕਿਉਂਕਿ ਉਨਾਂ ਨੇ ਨੇਕੀ ਦਾ ਕੰਮ ਕੀਤਾ ਸੀ।
ਸਵੇਰ ਹੋਈ ਹੀ ਸੀ ਕਿ ਸਾਰਾ ਪਿੰਡ ਮਹਾਰਾਜ ਦੀ ਜੈ, ਮਹਾਰਾਜ ਦੀ ਜੈ, ਕਰਦਾ ਹੋਇਆ ਹਕੀਮ ਜੀ ਦੀ ਝੌਂਪੜੀ ਵੱਲ ਆ ਰਿਹਾ ਸੀ। ਹਕੀਮ ਜੀ ਦੀ ਝੌਂਪੜੀ ਵਿਚ ਪਹੁੰਚ ਕੇ ਲੋਕਾਂ ਨੇ ਹਕੀਮ ਜੀ ਨੂੰ ਮੋਢਿਆ ਤੇ ਚੱਕ ਲਿਆ। ਹਕੀਮ ਜੀ ਨੇ ਉਨਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ ਪਰ ਕਿਸੇ ਨੇ ਉਨਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਕੋਈ ਹਕੀਮ ਜੀ ਦੀਆਂ ਲੱਤਾਂ ਘੁੱਟੇ, ਕੋਈ ਬਾਹਾਂ। ਹਕੀਮ ਜੀ ਪ੍ਰੇਸ਼ਾਨ ਸਨ ਕਿ ਇਹ ਕੀ ਹੋ ਰਿਹਾ ਹੈ। ਕੋਈ ਕਹਿ ਰਿਹਾ ਸੀ ਕਿ , ‘‘ਬਾਬਾ ਜੀ ਨੇ ਕਈ ਸਾਲ ਤੋਂ ਬਿਮਾਰ ਪਏ ਲੋਕ ਠੀਕ ਕਰਤੇ, ਕੋਈ ਕਹੇ ਬਾਬਾ ਜੀ ਨੇ ਹੱਥ ਲਗਾ ਕਿ ਟੁੱਟੀ ਲੱਤ ਜੋੜ ਦਿੱਤੀ, ਕੋਈ ਕੁਛ ਕਹੇ, ਕੋਈ ਕੁਛ।’
’ਲੋਕ ਬਾਬਾ ਜੀ ਦੇ ਜੈ-ਜੈ ਕਾਰ ਕਰਨ ਵਿਚ ਮਸਤ ਹੋਏ ਸਨ। ਹਕੀਮ ਜੀ ਅੱਖ ਬਚਾ ਕੇ ਉੱਥੋਂ ਨਿਕਲ ਆਏ। ਆਪਣੇ ਪਿੰਡ ਜਾ ਕੇ ਹਕੀਮ ਜੀ ਨੇ ਸੁੱਖ ਦਾ ਸਾਹ ਲਿਆ। ਹਕੀਮ ਜੀ ਪ੍ਰੇਸ਼ਾਨ ਸਨ ਕਿ ਪਿੰਡ ਵਿਚ ਹੋ ਕੀ ਗਿਆ ਜੋ ਲੋਕ ਮੈਨੂੰ ਕਰਨੀ ਵਾਲਾ ਸਮਝਣ ਲੱਗ ਪਏ ਹਨ। ਦੋ-ਤਿੰਨ ਦਿਨ ਬਾਅਦ ਪਾਗਲਪੁਰ ਦਾ ਇਕ ਆਦਮੀ ਹਕੀਮ ਜੀ ਕੋਲ ਆਇਆ, ਉਸਨੇ ਸਾਰੀ ਘਟਨਾਂ ਹਕੀਮ ਜੀ ਨੂੰ ਸੁਣਾਈ ਕਿ ਤੁਸੀਂ ਜਿਸ ਬੱਚੇ ਦੇ ਗਿੱਟੇ ਦੀ ਮੋਚ ਕੱਢੀ ਸੀ ਉਸਦੀ ਮਾਂ ਨੇ ਜਾ ਕੇ ਆਪਣੀ ਗੁਆਂਢਣ ਨੂੰ ਆਖ ਦਿੱਤਾ, ‘‘ਬਾਬੇ ਜੀ ਆਏ ਹਨ, ਉਹ ਲੈਂਦੇ ਵੀ ਕੁਝ ਨਹੀਂ ਤੇ ਇਕ ਮਿੰਟ ਵਿਚ ਠੀਕ ਕਰ ਦਿੰਦੇ ਹਨ।’’ ਗੁਆਢਣ ਨੇ ਦੋ ਹੋਰ ਜਨਾਨੀਆਂ ਨੂੰ ਆਖ ਦਿੱਤਾ ਕਿ ‘‘ਮਹਾਰਾਜ ਆਏ ਹਨ, ਉਨਾਂ ਨੇ ਹੱਥ ਲਗਾ ਕਿ ਟੀਟੁ ਦਾ ਪੈਰ ਠੀਕ ਕਰ ਦਿੱਤਾ।’’ਉਨਾਂ ਜਨਾਨੀਆਂ ਨੇ ਅੱਗੇ ਹੋਰ ਦੋ-ਚਾਰ ਜਨਾਨੀਆਂ ਨੂੰ ਆਖ ਦਿੱਤਾ, ‘‘ਕਰਨੀ ਵਾਲੇ ਸੰਤ ਆਏ ਹਨ, ਜਿਹੜੇ ਆਪਣੀ ਦ੍ਰਿਸ਼ਟੀ ਨਾਲ ਹੀ ਹਰ ਰੋਗ ਦਾ ਇਲਾਜ਼ ਕਰ ਦਿੰਦੇ ਹਨ।’’ ਇਸ ਤਰਾਂ ਗੱਲ ਸਾਰੇ ਪਿੰਡ ਵਿਚ ਫਕਲ ਗਈ ਤੇ ਲੋਕ ਤੁਹਾਡੇ ਦਰਸ਼ਨਾਂ ਲਈ ਤਰਸਣ ਲੱਗੇ।’’
ਉਸ ਰਾਤ ਹਕੀਮ ਜੀ ਸਾਰੀ ਰਾਤ ਸੌਂ ਨਾ ਸਕੇ। ਸਾਰੀ ਰਾਤ ਇਹੀ ਸੋਚਦੇ ਰਹੇ ਕਿ ਕਿਸ ਤਰਾਂ ਖੰਭਾਂ ਦੀਆਂ ਉਡਾਰਾਂ ਬਣ ਜਾਂਦੀਆਂ ਹਨ। 
ਨਿਮਰਤਾ
-ਭਵਨਦੀਪ ਸਿੰਘ ਪੁਰਬਾ

Back to top button