District NewsMalout News

ਪੰਜਾਬ ਸਰਕਾਰ ਵੱਲੋਂ 15 ਜੁਲਾਈ ਤੋਂ ਕੀਤੀ ਜਾਵੇਗੀ ਮੁਫ਼ਤ ਡੇਅਰੀ ਸਿਖਲਾਈ ਕੋਰਸ ਦੀ ਸ਼ੁਰੂਆਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਅਬੁੱਲਖੁਰਾਣਾ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਸ਼ੂ ਪਾਲਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਸ੍ਰੀ ਮੁਕਤਸਰ ਸਾਹਿਬ ਰਣਦੀਪ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਸਫਲਤਾਪੂਰਵਕ ਟ੍ਰੇਨਿੰਗ ਕਰਨ ਉਪਰੰਤ 3500 ਰੁਪਏ ਵਜ਼ੀਫ਼ਾ ਅਤੇ ਡੇਅਰੀ ਨਾਲ ਸੰਬੰਧਿਤ ਲਿਟਰੈੱਚਰ ਵੀ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਲਾਭਪਾਤਰੀਆਂ ਦੀ ਕੌਂਸਲਿੰਗ 8 ਜੁਲਾਈ 2024 ਨੂੰ ਸਵੇਰੇ 10 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਆਈ.ਐੱਫ਼.ਟੀ.ਸੀ, ਪਿੰਡ ਅਬੁੱਲਖੁਰਾਣਾ ਵਿਖੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚਾਹਵਾਨ ਲੜਕੇ ਵਿਆਹੀਆਂ ਲੜਕੀਆਂ ਜਿੰਨ੍ਹਾਂ ਦੀ ਉਮਰ 18 ਤੋਂ 50 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਦਾ ਵਸਨੀਕ ਹੋਵੇ, ਆਪਣਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਰਟੀਫਿਕੇਟ ਸਮੇਤ ਪਾਸਪੋਰਟ ਸਾਈਜ਼ ਫੋਟੋ, ਘੱਟੋ-ਘੱਟ ਪੰਜਵੀਂ ਪਾਸ ਦਾ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ, ਆਧਾਰ ਕਾਰਡ ਨਾਲ ਲੈ ਕੇ ਦਫ਼ਤਰ ਵਿਖੇ ਹਾਜ਼ਿਰ ਹੋਣ। ਉਨ੍ਹਾਂ ਕਿਹਾ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਸੈਂਟਰ ਆਈ.ਐੱਫ਼.ਟੀ.ਸੀ ਅਬੁੱਲਖੁਰਾਣਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।

Author : Malout Live

Back to top button