District NewsMalout News

ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਮੈਰਾਥਨ-ਦੌੜ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਰਿਵਿਊ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੈਰਾਥਨ ਦੌੜ ਦਾ ਆਯੋਜਨ ਕਰਨ ਲਈ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਰੀਵਿਊ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ 2023 ਨੂੰ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਮੈਰਾਥਨ ਦੌੜ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 6.00 ਵਜੇ ਸ਼ੁਰੂ ਹੋਵੇਗੀ ਜੋ ਸ਼ਹਿਰ ਵਿੱਚੋਂ ਗੁਜ਼ਰਦੀ ਹੋਈ ਵਾਪਿਸ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੀ ਸਮਾਪਤ ਹੋਵੇਗੀ। ਇਸ ਮੈਰਾਥਨ ਦੌੜ ਵਿੱਚ ਚਾਹਵਾਨ ਖਿਡਾਰੀ,

ਯੁਵਕ, ਯੁਵਤੀਆਂ, ਸਕੂਲੀ ਬੱਚੇ, ਸਰਕਾਰੀ ਕਰਮਚਾਰੀ ਅਤੇ ਸੀਨੀਅਰ ਨਾਗਰਿਕ 10 ਕਿਲੋਮੀਟਰ, 5 ਕਿਲੋਮੀਟਰ ਅਤੇ 2 ਕਿਲੋਮੀਟਰ ਦੌੜ ਵਿੱਚ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤਾ ਕਿ ਮੈਰਾਥਨ-ਦੌੜ ਮੌਕੇ ਪੀਣ ਵਾਲਾ ਸਾਫ ਸੁਥਰਾ ਪਾਣੀ, ਸਜਾਵਟੀ ਝੰਡੇ, ਪਾਣੀ ਦਾ ਛਿੜਕਾਅ ਅਤੇ ਸਾਫ-ਸਫਾਈ ਦੀ ਵਿਵਸਥਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਅਦਾਰਿਆ, ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੈਰਾਥਨ ਦੌੜ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਵੱਧ ਤੋਂ ਵੱਧ ਭਾਗ ਲਿਆ ਜਾਵੇ ਤਾਂ ਜੋ ਸਮਾਜ ਵਿੱਚ ਫੈਲੀਆਂ ਹੋਈਆ ਨਸ਼ੇ ਵਰਗੀਆਂ ਭੈੜੀਆਂ ਅਲਾਮਤਾ ਨੂੰ ਖਤਮ ਕੀਤਾ ਜਾ ਸਕੇ ਅਤੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੀ ਨੌਜਵਾਨ ਪੀੜ੍ਹੀ ਅਤੇ ਸੀਨੀਅਰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਮੈਰਾਥਨ-ਦੌੜ ਵਿੱਚ ਭਾਗ ਲੈਣ ਲਈ ਲਿੰਕ https://forms.gle/D3xfySepCVAgnsFMA ਤੇ ਜਾ ਕੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ।

Author: Malout Live

Back to top button