District NewsMalout News

ਮਲੋਟ ਸਹਿਰ ਦੇ ਵਸਨੀਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ‘ਅੰਮ੍ਰਿਤ-2’ ਸਕੀਮ ਨੂੰ ਬੂਰ ਪੈਣਾ ਸ਼ੁਰੂ- ਡਾ. ਬਲਜੀਤ ਕੌਰ

ਮਲੋਟ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪੁੱਜਦਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮਲੋਟ ਸ਼ਹਿਰ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਅੰਮ੍ਰਿਤ-2 ਸਕੀਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਨੇਪਰੇ ਚਾੜ੍ਹਣ ਲਈ 23.02 ਕਰੋੜ ਦੇ ਫੰਡ ਦਾ ਪ੍ਰਬੰਧ ਕਰਵਾਇਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਸ ਸਕੀਮ ਵਿੱਚ ਲੰਬੇ ਸਮੇਂ ਤੋਂ ਮਲੋਟ ਸਹਿਰ ਦੇ ਵਾਰਡ ਨੰਬਰ 8 ਵਿੱਚ ਪਾਣੀ ਦੀ ਉੱਚੀ ਟੈਂਕੀ ਦੀ ਉਸਾਰੀ ਦੇ ਨਾਲ-ਨਾਲ ਸਰਹਿੰਦ ਫੀਡਰ ਤੋਂ ਆ ਰਹੀ ਕਰੀਬ 7 ਕਿਲੋਮੀਟਰ ਲਾਈਨ ਵੀ ਬਦਲੀ ਜਾਏਗੀ ਜੋ ਕਿ ਕਾਫੀ ਪੁਰਾਣੀ ਅਤੇ ਨਕਾਰਾ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕੇ, ਜੋ ਕਿ ਪੀਣ ਵਾਲੇ ਪਾਣੀ ਤੋਂ ਸੱਖਣੇ ਹਨ, ਓਥੇ ਕਰੀਬ 16 ਕਿਲੋਮੀਟਰ ਨਵੀਂ ਪਾਈਪ ਵਿਛਾਈ ਜਾਵੇਗੀ ਅਤੇ ਵਾਟਰ ਵਰਕਸ ਦੀ ਚਾਰਦੀਵਾਰੀ ਨਵੀਂ ਉਸਾਰੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।

Author: Malout Live

Back to top button