District News

ਕੌਮੀ ਖੁਰਾਕ ਹਫ਼ਤੇ ਦੇ ਸਬੰਧ ਵਿੱਚ ਦਫ਼ਤਰ ਸਿਵਲ ਸਰਜਨ ਵਿਖੇ ਕੀਤਾ ਸਮਾਗਮ ਸਿਹਤ ਵਿਭਾਗ ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਕੌਮੀ ਖੁਰਾਕ ਹਫ਼ਤਾ: ਡਾ ਰੰਜੂ ਸਿੰਗਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ:- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਅਤੇ ਡਾ.ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖ ਰੇਖ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 7 ਸਤੰਬਰ ਤੱਕ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਅਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ।  ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ, ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੀ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰੇਕ ਆਦਮੀ ਨੁੂੰ ਆਪਣੇ ਰੋਜਾਨਾ ਲੋੜੀਦੀ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਿਵੇਂ ਕਿ ਹਰੀਆਂ ਸਬਜ਼ੀਆਂ, ਦੁੱਧ, ਫਲ, ਉਬਲੀਆਂ ਅਤੇ ਪੁੰਗਰੀਆਂ ਦਾਲਾਂ ਆਦਿ। ਉਹਨਾਂ ਕਿਹਾ ਕਿ ਗਰਭਵਤੀ ਮਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਘੱਟੋ ਘੱਟ 4 ਵਾਰ ਚੈਕਅੱਪ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕਿ ਤੰਦਰੂਸਤ ਬੱਚਾ ਪੈਦਾ ਹੋਵੇ। ਉਹਨਾਂ ਨੂੰ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਮੌਸਮੀ ਫ਼ਲ ਅਤੇ ਸਬਜੀਆਂ, ਆਂਡਾ, ਪਨੀਰ ਅਤੇ ਸੋਇਆਬੀਨ ਲੈਣੇ ਚਾਹੀਦੇ ਹਨ। ਇਸ ਮੌਕੇ ਡਾ ਪਵਨ ਮਿੱਤਲ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੂੰ ਸੂਚੀ ਅਨੁਸਾਰ ਸੰਪੂਰਨ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਆਪਣੀ ਪੂਰੀ ਜਿੰਦਗੀ 11 ਮਾਰੂ ਬਿਮਾਰੀਆਂ ਤੋਂ ਬਚਿਆ ਰਹੇ। ਡਾ ਕਿਰਨਦੀਪ ਕੌਰ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਪਣੇ ਭੋਜਨ ਵਿੱਚ ਆਇਓਡੀਨ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਅਤੇ ਜਨੇਪਾ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ। ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਦੁੱਧ ਪਿਲਾਉਣਾ ਸੁਰੂ ਕਰ ਦੇਣਾ ਚਾਹੀਦਾ ਹੈ ਅਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਬਾਹਰਲੀ ਖੁਰਾਕ ਵੀ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ 2 ਸਾਲ ਤੱਕ ਮਾਂ ਦਾ ਦੁੱਧ ਪਿਲਾਉਦੇ ਰਹਿਣਾ ਚਾਹੀਦਾ ਹੈ।ਇਸ ਸਮੇਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਪੌਸ਼ਟਿਕ ਭੋਜਨ ਬਾਰੇ ਅੱਗੇ ਆਪਣੇ ਘਰ ਵਿੱਚ ਅਤੇ ਗੁਆਂਢੀਆਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਤਲੇ ਹੋਏ, ਫਾਸਟ ਫੂਡ, ਜ਼ਿਆਦਾ ਨਮਕ, ਜ਼ਿਆਦਾ ਚੀਨੀ, ਸ਼ਰਾਬ ਅਤੇ ਸਿਗਰਟ ਤੋਂ ਪ੍ਰਹੇਜ਼ ਕੀਤਾ ਜਾਵੇ। ਅਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਅਤੇ ਸਰੀਰਕ ਕਸਰਤ ਵਿੱਚ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਮਾਗਮ ਕਰਕੇ ਅਤੇ ਗਰੁੱਪ ਮੀਟਿੰਗਾਂ ਕਰਕੇ ਲੋਕਾਂ ਨੂੰ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਸਮੇਂ ਡਾ ਆਲਮਜੀਤ ਸਿੰਘ, ਵਿਨੋਦ ਖੁਰਾਣਾ, ਭਗਵਾਨ ਦਾਸ, ਲਾਲ ਚੰਦ, ਕਮਿਊਨਿਟੀ ਹੈਲਥ ਅਫ਼ਸਰ ਅਤੇ ਮਲਟੀਪਰਪਜ਼ ਹੈਲਥ ਵਰਕਰ ਹਾਜ਼ਰ ਸਨ।

 

Leave a Reply

Your email address will not be published. Required fields are marked *

Back to top button