District NewsMalout News

ਸਿਹਤ ਵਿਭਾਗ ਵੱਲੋਂ 10 ਦਸੰਬਰ ਤੋਂ 12 ਦਸੰਬਰ 2023 ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਪਲਸ ਪੋਲੀਓ ਮੁਹਿੰਮ: ਡਾ ਕੁਲਤਾਰ ਸਿੰਘ ਕਾਰਜਕਾਰੀ ਸਿਵਲ ਸਰਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਪਲਸ ਪੋਲੀਓ ਰਾਊਂਡ 10 ਦਸੰਬਰ ਤੋਂ 12 ਦਸੰਬਰ 2023 ਤੱਕ ਚਲਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਕੁਲਤਾਰ ਸਿੰਘ ਕਾਰਜਕਾਰੀ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਲਸ ਪੋਲੀਓ ਰਾਊਂਡ ਦੌਰਾਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 0 ਤੋਂ 5 ਸਾਲ ਦੇ ਸਾਰੇ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆ ਜਾ ਰਹੀਆਂ ਹਨ। ਇਸ ਰਾਊਂਡ ਸੰਬੰਧੀ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਪੋਲੀਓ ਵੈਕਸੀਨ ਜਿਲ੍ਹੇ ਅੰਦਰ ਪਹੁੰਚ ਗਈ ਹੈ ਅਤੇ ਵੱਖ-ਵੱਖ ਬਲਾਕਾਂ ਵਿੱਚ ਪਹੁੰਚਾ ਦਿੱਤੀ ਗਈ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਨੌਬਲ ਕਾਰਜ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਤਾਂ ਜੋ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ। ਉਹਨਾਂ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਨਿਕਲਿਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ। ਪ੍ਰੰਤੂ ਭਾਰਤ ਦੇ ਆਲੇ-ਦੁਆਲੇ ਦੇ ਦੇਸ਼ਾਂ ਜਿਵੇਂ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਵਿੱਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ਵਿੱਚ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਜਿਸ ਕਰਕੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਤੋਂ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ੇਸ਼ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁੱਲ 461 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 429 ਟੀਮਾਂ 10 ਦਸੰਬਰ ਨੂੰ ਬੂਥਾਂ ਤੇ ਬੈਠ ਕੇ ਅਤੇ 11 ਅਤੇ 12 ਦਸੰਬਰ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਓਣਗੀਆਂ। 24 ਮੋਬਾਈਲ ਟੀਮਾਂ, ਜੋ ਕਿ ਦੂਰ ਦੁਰਾਡੇ ਭੱਠਿਆਂ, ਮਾਈਗ੍ਰੇਟਰੀ ਆਬਾਦੀ, ਢਾਣੀਆਂ, ਦਾਣਾ ਮੰਡੀਆਂ, ਫੈਕਟਰੀਆਂ ਆਦਿ ਵਿੱਚ ਜਾ ਕੇ ਪੋਲੀਓ ਬੂੰਦਾਂ ਪਿਲਾਓਣਗੀਆਂ ਅਤੇ 8 ਟ੍ਰਾਂਜਿਟ ਟੀਮਾਂ ਜੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਆਦਿ ਤੇ ਸਫਰ ਕਰ ਰਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਓਣਗੀਆਂ। ਇਨ੍ਹਾਂ ਟੀਮਾਂ ਦੀ ਸੁਪਰਵੀਜ਼ਨ ਲਈ 91 ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਸਮੂਹ ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣ ਤਾਂ ਜੋ ਕੋਈ ਵੀ 0 ਸਾਲ ਤੋ 5 ਸਾਲ ਤੱਕ ਦਾ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ ਤਾਂ ਜੋ ਭਾਰਤ ਵਿੱਚੋਂ ਕੀਤੇ ਗਏ ਪੋਲੀਓ ਦੇ ਖਾਤਮੇ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਿ ਉਹ ਆਪਣੇ 0 ਤੋ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਨੇੜੇ ਦੇ ਪੋਲੀਓ ਬੂਥ ਤੋਂ ਬੂੰਦਾਂ ਜ਼ਰੂਰ ਪਿਲਾਉਣ ਭਾਵੇਂ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾ ਪੀ ਚੁੱਕਾ ਹੋਵੇ ਜਾਂ ਨਵਜੰਮਿਆ ਹੋਵੇ। ਇਸ ਮੌਕੇ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ.ਪੀ.ਐੱਮ, ਸਰਬਜੀਤ ਸਿੰਘ ਕੋਲਡਚੇਨ ਅਫਸਰ, ਰਵਿੰਦਰ ਗਰੋਵਰ ਕੰਪਿਊਟਰ ਅਸਿਸਟੈਂਟ ਹਾਜ਼ਿਰ ਸਨ।

Author: Malout Live

Back to top button